– ਹਰਜਿੰਦਰ ਢੇਸੀ
ਕਾਰੋਬਾਰ ਜਾਂ ਨੌਕਰੀ ਤੁਹਾਡੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਅੰਗ ਹੈ ਪਰ ਘਰ ਅਤੇ ਪਰਵਿਾਰ ਤੁਹਾਡੀ ਜ਼ਿੰਦਗੀ ਹੈ। ਪਰਿਵਾਰ ਇਕ ਉਹ ਧੁਰਾ ਹੈ ਜੋ ਤੁਹਾਨੂੰ ਜ਼ਿੰਦਗੀ ਦੇ ਬਾਕੀ ਸਾਰੇ ਪੱਖਾਂ ਵਿਚ ਸਫਲ ਹੋਣ ਲਈ ਉਤਸ਼ਾਹ ਅਤੇ ਊਰਜਾ ਦਿੰਦਾ ਹੈ। ਘਰ ਪਰਿਵਾਰ ਅਤੇ ਕਾਰੋਬਾਰ ਵਿਚ ਇਕ ਤਰਾਂ ਦਾ ਤਾਲਮੇਲ ਬਣਾ ਕੇ ਹੀ ਤੁਸੀਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ। ਖੁਸ਼ਹਾਲ ਹੋਣ ਲਈ ਜਿਥੇ ਤੁਹਾਡੀ ਵਿਤੀ ਹਾਲਤ ਅਤੇ ਤੁਹਾਡੇ ਕਾਰੋਬਾਰ ਦਾ ਸੇਹਤਮੰਦ ਹੋਣਾ ਜਰੂਰੀ ਹੈ ਉਥੇ ਹੀ ਇਹ ਵੀ ਜਰੂਰੀ ਹੈ ਕਿ ਤੁਹਾਡੀ ਪਰਿਵਾਰਕ ਜ਼ਿੰਦਗੀ ਵੀ ਖੁਸ਼ੀਆਂ ਭਰਪੂਰ ਹੋਵੇ।
ਅਸੀਂ ਬਹੁਤੀ ਵਾਰ ਘਰ ਪਰਵਿਾਰ ਅਤੇ ਕਾਰੋਬਾਰ ਵਿਚ ਇਸ ਤਾਲਮੇਲ ਦੀ ਲੋੜ ਨੂੰ ਜਾਣੇ ਜਾਂ ਅਣਜਾਣੇ ਵਿਚ ਭੁਲਾ ਦਿੰਦੇ ਹਾਂ ਅਤੇ ਆਮ ਤੌਰ ਤੇ ਇਸ ਭੁਲ ਦਾ ਸ਼ਿਕਾਰ ਹੁੰਦਾ ਹੈ ਪਰਿਵਾਰ। ਅਸੀਂ ਆਪਣੇ ਕਾਰੋਬਾਰ ਨੂੰ ਅਗਲੇ ਪੜਾਅ ਤੇ ਲੈ ਕੇ ਜਾਣ ਦੀ ਕੋਸ਼ਿਸ ਵਿਚ ਜਾਂ ਹੋਰ ਪੈਸੇ ਕਮਾਉਣ ਦੀ ਧੁੰਨ ਵਿਚ ਮਗਨ ਦਿਨ ਰਾਤ ਇਕ ਕਰਦੇ ਭਜੇ ਤੁਰੇ ਜਾਂਦੇ ਹਾਂ ਅਤੇ ਇਹ ਦੇਖਣ ਵਿਚ ਵੀ ਅਸਮਰਥ ਹੁੰਦੇ ਹਾਂ ਕਿ ਸਾਡਾ ਪਰਿਵਾਰ ਇਸ ਦੌੜ ਵਿਚ ਪਿਛੇ ਰਹਿ ਗਿਆ ਹੈ ਤੇ ਲਗਾਤਾਰ ਪਿਸ ਰਿਹਾ ਹੈ। ਕਈ ਵਾਰ ਪਰਿਵਾਰ ਵੀ ਤੁਹਾਡੇ ਘਰ ਨੂੰ ਘੱਟ ਵਕਤ ਦੇਣ ਦਾ ਇਸ ਤਰਾਂ ਆਦੀ ਹੋ ਜਾਂਦਾ ਹੈ ਕਿ ਸ਼ਕਾਇਤ ਵੀ ਨਹੀਂ ਕਰਦਾ। ਇਸ ਲਈ ਜਰੂਰੀ ਹੈ ਕਿ ਅਸੀਂ ਕਾਰੋਬਾਰ ਅਤੇ ਪਰਵਿਾਰ ਦੀ ਗੱਡੀ ਨੂੰ ਬਰਾਬਾਰ ਚਲਾਈਏ ਅਤੇ ਇਸ ਗੱਲ ਦਾ ਹਮੇਸ਼ਾ ਧਿਆਨ ਰਖੀਏ ਕਿ ਕਿਤੇ ਅਸੀਂ ਪਰਿਵਾਰ ਪ੍ਰਤੀ ਆਪਣੇ ਫਰਜ਼ਾ ਨੂੰ ਅਣਗੌਲਿਆ ਤਾਂ ਨਹੀਂ ਕਰ ਰਹੇ। ਪਰਿਵਾਰ ਰਿਸ਼ਤਿਆ ਨਾਲ ਬਣਿਆ ਹੈ ਅਤੇ ਹਰ ਰਿਸ਼ਤੇ ਦਾ ਆਪਣਾ ਮਹੱਤਵ ਹੈ। ਜਿਵੇਂ ਰਿਸ਼ਤਿਆ ਬਾਰੇ ਕਿਸੇ ਸ਼ਾਇਰ ਨੇ ਬੜਾ ਖੂਬਸ਼ੁਰਤ ਲਿਖਿਆ ਹੈ ਕਿ:
ਹਰ ਰਿਸ਼ਤ ਕੁਝ ਮੋਹ ਮੰਗਦਾ ਹੈ, ਫੁਲਾਂ ਜਿਹੀ ਖੁਸ਼ਬੋ ਮੰਗਦਾ ਹੈ।
ਮੰਗਦਾ ਹੈ ਸਤਿਕਾਰ ਦੀ ਚੁਟਕੀ, ਪਿਆਰ ਦੀ ਨਿਘੀ ਲੋਅ ਮੰਗਦਾ ਹੈ।
ਜਿਵੇਂ ਵੇਲ-ਬੂਟੇ ਅਤੇ ਫੁੱਲ ਚੰਗੀ ਹਵਾ, ਪਾਣੀ, ਧੁੱਪ ਅਤੇ ਆਹਾਰ ਮਿਲਣ ਨਾਲ ਹਮੇਸ਼ਾ ਹਰੇ ਭਰੇ ਅਤੇ ਟਹਿਕਦੇ ਰਹਿੰਦੇ ਹਨ ਠੀਕ ਇਸੇ ਤਰਾਂ ਪਰਿਵਾਰਿਕ ਰਿਸ਼ਤਿਆਂ ਵਿਚ ਵੀ ਪਰਸਪਰ ਪਿਆਰ, ਸਤਿਕਾਰ ਅਤੇ ਤਾਜ਼ਗੀ ਬਣਾਈ ਰੱਖਣ ਲਈ ਦੋਵੇਂ ਧਿਰਾਂ ਵਲੋਂ ਇਹ ਮੋਹ ਪਿਆਰ, ਸਤਿਕਾਰ ਅਤੇ ਨਿੱਘ ਦੀ ਚੁਟਕੀ ਵਰਤਾਉਦੇ ਰਹਿਣਾ ਚਾਹੀਦਾ ਹੈ।
ਪਰਿਵਾਰ ਦੇ ਇਕੱਠੇ ਸਮਾਂ ਬਿਤਾਉਣ ਨੂੰ ਮੁਖ ਰੱਖ ਕੇ ਆਪਣੇ ਪਰਿਵਾਰ ਲਈ ਸੇਹਤਮੰਦ ਕਦਰਾਂ ਕੀਮਤਾਂ ਬਣਾਉ ਅਤੇ ਪੂਰੀ ਤੰਨਦੇਹੀ ਨਾਲ ਉਨਾਂ ਦਾ ਪਾਲਣ ਕਰੋ। ਜੇ ਤੁਹਾਡੇ ਪਰਿਵਾਰ ਵਿਚ ਛੋਟੇ ਬੱਚੇ ਹਨ ਤਾਂ ਰੋਟੀ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਸਮਾਂ ਬੱਚਿਆ ਨਾਲ ਖੇਡਣਾ ਜਾਂ ਕਿਤਾਬਾ ਪੜਨਾ, ਹਰ ਐਤਵਾਰ ਨੂੰ ਬੱਚਿਆਂ ਨਾਲ ਪਾਰਕ ਵਿਚ ਖੇਡਣ ਜਾਣਾ। ਜੇ ਤੁਹਾਡਾ ਕੰਮ ਹਰ ਐਤਵਾਰ ਦੀ ਵੇਹਲ ਨਹੀਂ ਦਿੰਦਾ ਤਾਂ ਤੁਸੀਂ ਕੋਈ ਵੀ ਹੋਰ ਦਿਨ ਚੁਣ ਸਕਦੇ ਹੋ ਜਾਂ ਕਿਸੇ ਵੀ ਸ਼ਾਮ ਨੂੰ ਇਸ ਪਰਿਵਾਰਕ ਕੰਮ ਲਈ ਚੁਣ ਸਕਦੇ ਹੋ। ਅੱਜ ਕੱਲ ਬੱਚਿਆਂ ਨੁੰ ਫੋਨ, ਆਈ ਪੈਡ, ਟੀ ਵੀ ਤੇ ਹੋਰ ਇਲੈਕਟਰੋਨਿਕ ਔਜ਼ਾਰਾ ਤੋਂ ਘੱਟੋ ਘੱਟ ਕੁਝ ਸਮਾਂ ਪਰੇ ਰੱਖਣ ਲਈ ਇਸ ਤਰਾਂ ਦੀਆਂ ਗਤੀਵਿਧੀਆਂ ਬਹੁਤ ਜਰੂਰੀ ਹਨ ਅਤੇ ਇਹ ਚੰਗੀਆਂ ਆਦਤਾ ਬੱਚਿਆ ਦਾ ਉਮਰ ਭਰ ਸਾਥ ਦੇਣਗੀਆ। ਆਪਣੇ ਰਿਸ਼ਤੇਦਾਰਾ ਅਤੇ ਯਾਰਾਂ ਦੋਸਤਾਂ ਨਾਲ ਇਕੱਠੇ ਹੋਣ ਲਈ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਪਰਿਵਾਰਕ ਪਿਕਨਿਕ ਦਾ ਰੁਝਾਣ ਵੀ ਬੜਾ ਹੀ ਸਿਹਤਮੰਦ ਹੈ। ਇਸ ਤਰਾਂ ਦੀ ਪਿਕਨਿਕ ਲਈ ਕੋਈ ਵੱਡੇ ਖਰਚ ਜਾਂ ਤਿਆਰੀ ਦੀ ਜਰੂਰਤ ਨਹੀਂ ਸਗੋਂ ਘਰ ਦਾ ਬਣਿਆ ਸਾਦਾ ਭੋਜਨ ਹੀ ਕਿਸੇ ਪਾਰਕ, ਝੀਲ ਜਾਂ ਪਹਾੜ ਦੇ ਪੈਰਾਂ ਵਿਚ ਜਾ ਕੇ ਬੈਠ ਕੇ ਰਲ ਮਿਲ ਕੇ ਖਾਣ, ਖੇਲਣ, ਤੁਰਨ ਫਿਰਨ ਅਤੇ ਗੱਲਾਂ ਕਰਨ ਨਾਲ ਹੀ ਸਭ ਦਾ ਤਨ ਮਨ ਖਿੜ ਜਾਂਦਾ ਹੈ ਅਤੇ ਤੁਸੀਂ ਫਿਰ ਕਾਰੋਬਾਰ ਦੇ ਝਮੇਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹੋ।
ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣਾ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ। ਬੱਚੇ ਦੇ ਹੋਮਵਰਕ ਦਾ ਧਿਆਨ ਰੱਖੋ, ਉਨਾਂ ਦੇ ਸਕੂਲ ਵਿਚ ਹੋ ਰਹੀਆਂ ਗਤੀਵਿਧੀਆਂ ਨੂੰ ਰੁਚੀ ਲੈ ਕੇ ਸੁਣੋ, ਬੱਚੇ ਦੇ ਅਧਿਆਪਕ ਨੂੰ ਮਿਲੋ ਅਤੇ ਆਪਣੇ ਬੱਚੇ ਬਾਰੇ ਜਾਣੋ। ਇਸ ਨਾਲ ਬੱਚੇ ਨੂੰ ਪੜਾਈ ਦੇ ਮਹੱਤਵ ਦਾ ਗਿਆਨ ਹੁੰਦਾ ਹੈ ਉਹ ਸਕੂਲ ਵੱਲ ਵੱਧ ਧਿਆਨ ਦਿੰਦੇ ਹਨ। ਜੇ ਤੁਹਾਡਾ ਬੱਚਾ ਕਿਸੇ ਖੇਡ ਵਿਚ ਦਿਲਚਸਪੀ ਰੱਖਦਾ ਹੈ ਤਾਂ ਉਸ ਨੂੰ ਉਸ ਪਾਸੇ ਵੱਲ ਪਰੇਰੋ। ਬੱਚੇ ਨੂੰ ਹੋਰ ਨਵੀਆਂ ਚੀਜਾਂ ਟਰਾਈ ਕਰਨ ਲਈ ਵੀ ਉਤਸ਼ਾਹ ਦਿੳ। ਬੱਚਿਆ ਦੀ ਉਮਰ ਦੇ ਹਿਸਾਬ ਨਾਲ ਉਨਾਂ ਨੂੰ ਕਸਰਤ ਕਰਨ ਲਈ ਪਰੇਰਨਾ ਦੇਉ। ਬੱਚਿਆਂ ਨੂੰ ਹਮੇਸ਼ਾ ਚੰਗੀ ਉਦਾਹਰਨ ਨਾਲ ਸਿਖਾਉਣ ਦੀ ਪਿਰਤ ਪਾੳ।
ਇਸੇ ਤਰਾਂ ਆਪਣੇ ਸਾਥੀ ਵੱਲ ਵੀ ਧਿਆਨ ਦਿਉ। ਕਦੇ ਕਦੇ ਸਿਰਫ ਵਿਹਲੇ ਰਹਿ ਕੇ ਇਕ ਦੂਜੇ ਨਾਲ ਵਕਤ ਬਿਤਾਉਣਾ, ਬਾਹਰ ਘੁੰਮਣ ਕੋਈ ਨਵੀਂ ਜਗਾਂ ਦੇਖਣ, ਫਿਲਮ ਜਾਂ ਕੋਈ ਹੋਰ ਸ਼ੋਅ ਦੇਖਣ, ਜਾਂ ਖਾਣਾ ਖਾਣ ਜਾਣ ਨਾਲ ਜਿੰਦਗੀ ਵਿਚ ਇਕ ਨਵੀਂ ਤਾਜ਼ਗੀ ਆ ਜਾਂਦੀ ਹੈ। ਇਸੇ ਤਰਾਂ ਆਪਣੇ ਮਾਂ ਬਾਪ ਨੂੰ ਵੀ ਬਣਦਾ ਟਾਇਮ ਦਿਉ। ਉਨਾਂ ਦੀਆਂ ਸਰੀਰਕ ਲੋੜਾਂ ਦੇ ਨਾਲ ਨਾਲ ਭਾਵਨਾਤਮਿਕ ਲੋੜਾਂ ਦਾ ਵੀ ਧਿਆਨ ਰੱਖੋ। ਪਰੇ ਕਦੇ ਵੀ ਆਪਣੇ ਬੱਚਿਆ ਅਤੇ ਪਰਵਾਰ ਨੂੰ ਆਪਣੇ ਵਕਤ ਦੀ ਬਿਜਾਏ ਮਹਿੰਗੇ ਖਿਡੌਣਿਆ ਜਾਂ ਤੋਫਿਆਂ ਨਾਲ ਰਿਝਾਉਣ ਦੀ ਪਿਰਤ ਨਾ ਪਾਉ।
ਇਨਾਂ ਸਾਰੀਆ ਜੁੰਮੇਵਾਰੀਆਂ ਦੇ ਵਿਚ ਆਪਣੇ ਆਪ ਨੂੰ ਵੀ ਅਣਗੌਲਿਆਂ ਨਾ ਕਰੋ। ਚੰਗੀ ਖੁਰਾਕ ਦੇ ਨਾਲ ਨਾਲ ਕਸਰਤ ਨੁੰ ਵੀ ਆਪਣੀ ਜਿੰਦਗੀ ਦਾ ਹਿਸਾ ਬਣਾਉ। ਤੁਹਾਡੇ ਕਾਰੋਬਾਰ ਦੇ ਨਾਲ ਨਾਲ ਤੁਹਾਡੇ ਬੱਚੇ, ਪਰਿਵਾਰ ਅਤੇ ਤੁਹਾਡੀ ਸਿਹਤ ਤੁਹਾਡਾ ਸਭ ਤੋਂ ਵੱਡਾ ਸਰਮਾਇਆ ਹੈ ਅਤੇ ਇਸ ਦੀ ਲਗਾਤਾਰ ਸਾਂਭ ਸੰਭਾਲ ਹੀ ਤੁਹਾਨੂੰ ਜੀਵਨ ਭਰ ਇਸ ਸਰਮਾਏ ਨੂੰ ਮਾਨਣਯੋਗ ਬਣਾਉਦੀ ਹੈ।