ਆਪ੍ਰੇਸ਼ਨ ਸੇਫ਼ ਡਰਾਈਵਰ ਹਫ਼ਤਾ ਇੱਕ ਸਲਾਨਾ ਸਮਾਗਮ ਹੈ ਜੋ ਵਪਾਰਕ ਟਰੱਕ ਡਰਾਈਵਰਾਂ ਅਤੇ ਯਾਤਰੀ ਵਾਹਨ ਚਾਲਕਾਂ ਦੋਵਾਂ ਲਈ ਸੁਰੱਖਿਅਤ ਡਰਾਈਵਿੰਗ ਆਦਤਾਂ ਬਾਰੇ ਵਧੇਰੇ ਜਾਗਰੂਕਤਾ ਲਿਆਉਂਦਾ ਹੈ। ਇਹ ਸਮਾਗਮ 10-16 ਜੁਲਾਈ ਲਈ ਨਿਯਤ ਕੀਤਾ ਗਿਆ ਹੈ।
ਕਮਰਸ਼ੀਅਲ ਵਹੀਕਲ ਸੇਫਟੀ ਅਲਾਇੰਸ ਦੁਆਰਾ ਸਪਾਂਸਰ ਕੀਤੇ ਗਏ ਇਸ ਸਮਾਗਮ ਦੌਰਾਨ ਹਫ਼ਤੇ ਵਿੱਚ ਅਮਰੀਕਾ, ਕਨੇਡਾ ਅਤੇ ਮੈਕਸੀਕੋ ਵਿੱਚ ਟ੍ਰੈਫਿਕ ਕਾਨੂੰਨਾਂ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਅਤੇ ਨਾਲ ਹੀ ਉਹਨਾ ਡਰਾਈਵਰਾਂ ਨੂੰ ਚੇਤਾਵਨੀਆਂ ਦਿੱਤੀਆਂ ਜਾਣਗੀਆਂ ਜੋ ਕਿ ਨਸ਼ੀਲੇ ਪਦਾਰਥ ਜਾਂ ਅਲਕੋਹਲ ਦੇ ਨਸ਼ੇ ਵਿੱਚ ਤੇਜ਼ ਰਫ਼ਤਾਰ, ਧਿਆਨ ਭਟਕਾਉਣ, ਟੇਲਗੇਟਿੰਗ, ਗਲਤ ਤਰੀਕੇ ਨਾਲ ਆਪਣੀ ਸੜਕ ਬਦਲਣ ਵਰਗੇ ਹੋਰ ਕੰਮ ਕਰਦੇ ਹਨ।
ਸੀ.ਵੀ.ਐਸ.ਏ. ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਆਪ੍ਰੇਸ਼ਨ ਸੇਫ਼ ਡਰਾਈਵਰ ਹਫ਼ਤੇ ਦੌਰਾਨ, ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀ ਵਪਾਰਕ ਮੋਟਰ ਵਾਹਨ ਚਾਲਕਾਂ ਅਤੇ ਜੋਖਮ ਭਰੀ ਡਰਾਈਵਿੰਗ ਕਰਨ ਵਾਲੇ ਯਾਤਰੀ ਵਾਹਨ ਚਾਲਕਾਂ ਨੂੰ ਲੱਭਣਗੇ। ਲੱਭੇ ਗਏ ਅਸੁਰੱਖਿਅਤ ਡਰਾਈਵਰਾਂ ਨੂੰ ਇੱਕ ਹਵਾਲਾ ਜਾਂ ਚੇਤਾਵਨੀ ਦਿੱਤੀ ਜਾਵੇਗੀ।
ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜੇ ਦੱਸਦੇ ਹਨ ਕਿ 2020 ਦੌਰਾਨ ਟ੍ਰੈਫਿਕ ਹਾਦਸਿਆਂ ਵਿੱਚ 38,824 ਮੌਤਾਂ ਹੋਈਆਂ, ਜੋ ਕਿ 15 ਸਾਲਾਂ ਵਿੱਚ ਸਭ ਤੋਂ ਵੱਧ ਸੰਖਿਆ ਹੈ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਇਹ ਗਿਣਤੀ ਕੁਲ ਮਿਲਾ ਕੇ ਪਹਿਲਾਂ ਨਾਲੋਂ ਘਟੀ ਹੈ।
ਸੀ.ਵੀ.ਐਸ.ਏ. ਨੇ ਕਿਹਾ ਕਿ ਐਨ.ਐਚ.ਟੀ.ਐਸ.ਏ. ਦੀ ਰਿਪੋਰਟ ਵਿੱਚ ਚਿੰਤਾਜਨਕ ਅੰਕੜਿਆਂ ਅਨੁਸਾਰ ਇੱਕ ਮੁੱਖ ਖੋਜ ਇਹ ਕੀਤੀ ਗਈ ਕਿ ਗੱਡੀ ਦੀ ਰਫ਼ਤਾਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ 17% ਦਾ ਵਾਧਾ ਹੋਇਆ ਹੈ। ਸਿੱਟੇ ਵਜੋਂ, ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਇੱਕ ਖ਼ਤਰਨਾਕ ਤਰੀਕੇ ਦੀ ਡਰਾਈਵਿੰਗ ਮੰਨੀ ਜਾਵੇਗੀ ਜਿਸ ਬਾਰੇ ਅਧਿਕਾਰੀ ਆਪ੍ਰੇਸ਼ਨ ਸੇਫ਼ ਡਰਾਈਵਰ ਹਫ਼ਤੇ ਦੌਰਾਨ ਗੱਲਬਾਤ ਕਰਨਗੇ।
ਸੀ.ਵੀ.ਐਸ.ਏ. ਡੇਟਾ ਦਰਸਾਉਂਦਾ ਹੈ ਕਿ “ਟ੍ਰੈਫਿਕ ਸਟਾਪ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਗੱਲਬਾਤ ਕਰਕੇ ਡਰਾਈਵਿੰਗ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਹੋ ਸਕਦੀ ਹੈ।”
ਸੀ.ਵੀ.ਐਸ.ਏ. ਨੇ ਹੇਠਾਂ ਦਿੱਤੀਆਂ ਡੇਟਾ ਸੰਬੰਧੀ ਗੱਲਾਂ ਵੱਲ ਇਸ਼ਾਰਾ ਕੀਤਾ ਹੈ:
ਇੰਸ਼ੋਰੈਂਸ ਇੰਸਟੀਟਿਊਟ ਫਾਰ ਹਾਈਵੇਅ ਸੇਫਟੀ (ਆਈ.ਆਈ.ਐਸ.ਐਚ.) ਦੇ ਅਨੁਸਾਰ, 2008 ਤੋਂ ਬਾਅਦ ਇੱਕ ਚੌਥਾਈ ਤੋਂ ਵੱਧ ਦੁਰਘਟਨਾਵਾਂ ਦਾ ਕਾਰਨ ਵਾਹਨ ਦੀ ਤੇਜ਼ ਰਫ਼ਤਾਰ ਦਾ ਹੋਣਾ ਹੈ।
ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਅਨੁਸਾਰ, ਵਪਾਰਕ ਮੋਟਰ ਵਾਹਨਾਂ ਅਤੇ ਯਾਤਰੀ ਵਾਹਨਾਂ ਦੇ ਡਰਾਈਵਰਾਂ ਕੋਲੋਂ ਹੋਣ ਵਾਲੇ ਕਰੈਸ਼ਾਂ ਦਾ ਮੁੱਖ ਕਾਰਨ ਕਿਸੇ ਵੀ ਤਰ੍ਹਾਂ ਦੀ ਤੇਜ਼ ਰਫ਼ਤਾਰ ਦਾ ਹੋਣਾ ਸੀ।
ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (ਐਨ.ਐਚ.ਟੀ.ਐਸ.ਏ.) ਦੇ ਅਨੁਸਾਰ, 2018 ਵਿੱਚ ਕੁੱਲ ਟ੍ਰੈਫਿਕ ਮੌਤਾਂ ‘ਚੋਂ 26% ਦਾ ਕਾਰਨ ਜ਼ਿਆਦਾ ਰਫ਼ਤਾਰ ਦਾ ਹੋਣਾ ਸੀ, ਜਿਸ ਵਿੱਚ 9,378 ਲੋਕ ਜਾਂ ਪ੍ਰਤੀ ਦਿਨ ਲਗਭਗ 25 ਤੋਂ ਵੱਧ ਲੋਕ ਮਾਰੇ ਗਏ।
ਐਨ.ਐਚ.ਟੀ.ਐਸ.ਏ. ਅਨੁਸਾਰ, 2019 ਵਿੱਚ ਡਰਾਈਵਿੰਗ ਕਰਦਿਆਂ ਧਿਆਨ ਭਟਕਣ ਕਾਰਨ 3,142 ਜਾਨਾਂ ਗਈਆਂ।
2019 ਵਿੱਚ ਮਾਰੇ ਗਏ 22,215 ਯਾਤਰੀ ਵਾਹਨ ਸਵਾਰਾਂ ਵਿੱਚੋਂ, 47% ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਐਨ.ਐਚ.ਟੀ.ਐਸ.ਏ. ਅਨੁਸਾਰ, ਸੀਟ ਬੈਲਟਾਂ ਨੇ ਲਗਭਗ 14,955 ਲੋਕਾਂ ਦੀਆਂ ਜਾਨਾਂ ਬਚਾਈਆਂ ਅਤੇ ਜੇਕਰ ਉਹਨਾਂ ਨੇ ਸੀਟ ਬੈਲਟ ਪਹਿਨੀ ਹੁੰਦੀ ਤਾਂ ਕੇਵਲ 2017 ਵਿੱਚ ਵੀ ਹੋਰ 2,549 ਲੋਕਾਂ ਨੂੰ ਬਚਾਇਆ ਜਾ ਸਕਦਾ ਸੀ।
ਹਰ ਰੋਜ਼ ਯੂ.ਐਸ. ਵਿੱਚ ਲਗਭਗ 28 ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਦੁਰਘਟਨਾਵਾਂ ਵਿੱਚ ਮਰਦੇ ਹਨ – ਜਿਸ ਦਾ ਮਤਲਬ ਹੈ ਕਿ ਹਰ 52 ਮਿੰਟਾਂ ਵਿੱਚ ਇੱਕ ਵਿਅਕਤੀ ਇਸ ਕਾਰਨ ਮਰਦਾ ਹੈ। ਐਨ.ਐਚ.ਟੀ.ਐਸ.ਏ. ਅਨੁਸਾਰ 2019 ਵਿੱਚ, 10,142 ਲੋਕਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਆਪਣੀ ਜਾਨ ਗਵਾਈ।
ਪਿਛਲੇ ਸਾਲ ਇਸ ਸਮਾਗਮ ਦੌਰਾਨ, ਤੇਜ਼ ਰਫਤਾਰ ਵੱਲ ਖ਼ਾਸ ਧਿਆਨ ਦਿੱਤਾ ਗਿਆ ਸੀ ਅਤੇ ਖ਼ਤਰਨਾਕ ਡਰਾਈਵਿੰਗ ਕਰ ਰਹੇ ਲਗਭਗ 50,000 ਯਾਤਰੀ ਵਾਹਨਾਂ ਅਤੇ ਵਪਾਰਕ ਟਰੱਕਾਂ ਨੂੰ ਰੋਕਿਆ ਗਿਆ ਸੀ।
ਇਹ ਹਫ਼ਤਾ ਹਾਦਸਿਆਂ ਨੂੰ ਘਟਾਉਣ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਾਰੇ ਡਰਾਈਵਰਾਂ ਦੁਆਰਾ ਡਰਾਈਵਿੰਗ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣ ਲਈ ਬਣਾਇਆ ਗਿਆ ਸੀ। ਸੀ.ਵੀ.ਐਸ.ਏ. ਦੇ ਇਸ ਸਾਲਾਨਾ ਸਮਾਗਮ ਨੂੰ ਫੈਡਰਲ ਏਜੰਸੀਆਂ, ਟਰੱਕਿੰਗ ਉਦਯੋਗ ਅਤੇ ਆਵਾਜਾਈ ਸੁਰੱਖਿਆ ਸੰਸਥਾਵਾਂ ਦੁਆਰਾ ਸਮਰਥਨ ਦਿੱਤਾ ਜਾਂਦਾ ਹੈ।
1K