ਪੰਜਾਬੀਆਂ ਨੇ ਵਿਦੇਸ਼ਾ ਵਿਚ ਆ ਕੇ ਕੰਮ ਨੂੰ ਹੀ ਆਪਣਾ ਮੁਖ ਕੰਮ ਬਣਾਇਆ ਹੈ ਭਾਂਵੇ ਉਹ ਉਨਵੀਂ ਸਦੀ ਦੇ ਅਖੀਰ ਵਿਚ ਅਮਰੀਕਾ ਦੀ ਧਰਤੀ ਤੇ ਪਹੁੰਚੇ ਪੰਜਾਬੀ ਸਨ ਜਾਂ ਅੱਜ ਦੇ ਸਮੇਂ ਵਿਚ ਚੰਗੀ ਜ਼ਿੰਦਗੀ ਦੀ ਚਾਹ ਵਿਚ ਵਿਦੇਸ਼ਾ ਵਿਚ ਪਹੁੰਚ ਰਹੇ ਪੰਜਾਬੀ। ਉਨਾਂ ਨੇ ਸਮੇਂ ਮੁਤਾਬਕ ਜਿਹੜਾ ਵੀ ਕੰੰਮ ਮਿਲਿਆ ਉਸ ਨੂੰ ਪੂਰੀ ਮੇਹਨਤ ਅਤੇ ਲਗਨ ਨਾਲ ਕੀਤਾ ਫਿਰ ਭਾਂਵੇ ਉਹ ਕੈਲੇਫੋਰਨੀਆਂ ਵਿਚ ਰੇਲ ਲਾਈਨਾਂ ਵਿਛਾਉਣ ਦਾ ਸਖਤ ਕੰਮ, ਖੇਤੀ ਨਾਲ ਸਬੰਧਤ ਕੋਈ ਵੀ ਕੰਮ, ਸਟੋਰ ਕਲਰਕਾਂ ਦੀਆਂ ਸ਼ਿਫਟਾਂ ਤੇ ਜਾਂ ਫਿਰ ਟਰੱਕਾਂ ਦੀ ਡਰਾਇਵਰੀ ਦਾ ਕੰਮ ਹੋਵੇ। ਪੰਜਾਬੀਆ ਨੇ ਹਰ ਕੰਮ ਨੁੰ ਸਿਰੇ ਤੱਕ ਪਹੁੰਚਾਇਆ ਹੈ। ਅੱਜ ਅਸੀ ਇਥੇ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਕਿਤਿਆ ਬਾਰੇ ਗੱਲ ਕਰਾਂਗੇ।
ਕਿਸੇ ਦੂਜੇ ਮੁਲਕ ਵਿਚ ਆ ਕੇ ਆਪਣੇ ਹਿਸੇ ਦੀ ਜ਼ਮੀਨ ਅਤੇ ਆਪਣੇ ਹਿੱਸੇ ਦਾ ਅਸਮਾਨ ਪਰਾਪਤ ਕਰਨਾ ਆਸਾਨ ਕੰਮ ਨਹੀਂ ਹੁੰਦਾ। ਅਣਜਾਣ ਰਾਹਾਂ ਤੇ ਤੁਰਦਿਆਂ ਵੱਖਰੀ ਬੋਲੀ, ਵੱਖਰਾ ਸਭਿਆਚਾਰ ਵੱਖਰਾ ਪ੍ਰਬੰਧਕੀ ਢਾਂਚਾ ਅਤੇ ਹੋਰ ਕਈ ਚਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਵੀ ਸਮੇਂ ਕਿਸੇ ਵੀ ਕੰਮ ਵਿਚ ਲੱਗੇ ਹੋਏ ਬੰਦੇ ਆਪਣਾ ਰਿਜ਼ਕ ਕਮਾਉਦੇ ਹੋਏ ਉਨਾਂ ਤੋਂ ਬਾਅਦ ਉਸ ਕੰਮ ਵਿਚ ਪੈਣ ਵਾਲੇ ਲੋਕਾਂ ਲਈ ਰਾਹ ਵੀ ਪੱਧਰਾ ਕਰ ਰਹੇ ਹੁੰਦੇ ਹਨ ਅਤੇ ਅਮਰੀਕਾ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਵਿਚ ਪਿਛਲੇ ਕਈ ਸਾਲਾਂ ਤੋ ਲੱਗੇ ਪੰਜਾਬੀਆਂ ਨੇ ਵੀ ਅਜਿਹਾ ਹੀ ਕੀਤਾ ਹੈ। ਇਸੇ ਕਾਰਣ ਅੱਜ ਟਰੱਕਿੰਗ ਨੂੰ ਕਿਤੇ ਵਜੋਂ ਅਪਨਾਉਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਇਸ ਕੰਮ ਦੇ ਵਿਚ ਪੈਣਾਂ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਹੋ ਗਿਆ ਹੈ ਕਿਉਕਿ ਉਨਾਂ ਦੀ ਬੋਲੀ, ਸਭਿਆਚਾਰ ਅਤੇ ਰਵਾਇਤਾਂ ਤੋਂ ਵਾਕਫ ਇਕ ਪੂਰੀ ਇੰਡਸਟਰੀ ਉਨਾਂ ਦੇ ਸਾਥ ਲਈ ਤਿਆਰ ਖੜੀ ਹੈ ਜਿਨਾਂ ਵਿਚ ਟਰੱਕ ਡਰਾਇਵਿੰਗ ਸਕੂਲ, ਟਰੱਕ ਸੇਲ ਕੰਪਨੀਆ ਜਾਂ ਸੇਲਜਮੈਨ, ਮਕੈਨਿਕ, ਟਰਾਂਸਪੋਰਟ ਕੰਪਨੀਆ ਅਤੇ ਇਸ ਇੰਡਸਟਰੀ ਨਾਲ ਸਬੰਧਤ ਰੂਲ ਰੈਗੂਲੇਸ਼ਨ ਅਤੇ ਕਾਨੂੰਨਾ ਤੋਂ ਜਾਣੂ ਕਰਵਾਉਣ ਵਾਲਾ ਹੋਰ ਸਹਾਇਕ ਢਾਂਚਾ।
ਇਨਾਂ ਸਾਰੀਆ ਸਹੂਲਤਾਂ ਦੇ ਹੁੰਦਿਆਂ ਹੋਇਆਂ ਵੀ ਟਰੱਕ ਡਰਾਇਵਿੰਗ ਇਕ ਔਖਾ ਕਿੱਤਾ ਹੈ ਅਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਲੰਬੀਆ ਵਾਟਾਂ, ਔਖੇ ਪੈਂਡੇ, ਰਾਤਾਂ ਦਾ ਉਨੀਂਦਰਾ, ਘਰ ਪਰਿਵਾਰ ਤੋਂ ਦੂਰੀ, ਸਮੇਂ ਸਿਰ ਲੋਡ ਪਹੁੰਚਾਉਣ ਦੀ ਕਾਹਲ ਅਤੇ ਹੋਰ ਕਈ ਪਰੇਸ਼ਾਨੀਆ। ਪਰ ਫਿਰ ਵੀ ਇਹ ਕਿੱਤਾ ਪੰਜਾਬੀਆਂ ਦੇ ਖੁਲੇ ਸੁਭਾਅ ਨਾਲ ਮੇਲ ਖਾਂਦਾ ਹੈ ਅਤੇ ਤਾਂ ਹੀ ਨਿਤ ਨਵੇਂ ਲੋਕੀ ਇਸ ਕਿਤੇ ਵੱਲ ਪ੍ਰੇਰਤ ਹੋ ਰਹੇ ਹਨ। ਟਰੱਕ ਡਰਾਇਵਿੰਗ ਅਤੇ ਹੋਰ ਸਬੰਧਤ ਕਿਤਿਆਂ ਨੇ ਪੰਜਾਬੀਆਂ ਲਈ ਤਰੱਕੀ ਦੇ ਨਵੇਂ ਰਾਹ ਖੋਲੇ ਹਨ ਅਤੇ ਹੋਰ ਕਿਤਿਆਂ ਦੇ ਮੁਕਾਬਲੇ ਤੇ ਇਸ ਕਿੱਤੇ ਨਾਲ ਜੁੜੇ ਲੋਕੀ ਜਿਆਦਾ ਤੇਜੀ ਨਾਲ ਆਪਣੇ ਪੈਰ ਲਾਉਣ ਵਿਚ ਸਫਲ ਹੋ ਰਹੇ ਹਨ। ਪਰ ਇਸ ਸਫਲਤਾ ਲਈ ਹਰ ਸਮੇਂ ਸਖਤ ਮੇਹਨਤ, ਇਮਾਨਦਾਰੀ, ਉਚੇ-ਸੁਚੇ ਇਰਾਦੇ ਅਤੇ ਉਚੇ ਆਦਰਸ਼ਾ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।
ਇਥੇ ਮੇਰੀ ਕੋਸ਼ਿਸ ਆਪਣੇ ਵਲੋਂ ਕਿਸੇ ਨੂੰ ਕੋਈ ਸਿਖਿਆ ਦੇਣਾ ਨਹੀ ਸਗੋਂ ਵਿਰਸੇ ਵਿਚ ਸਾਨੂੰ ਜੋ ਸਿਖਿਆਵਾਂ ਮਿਲੀਆਂ ਹਨ ਉਨਾਂ ਨੂੰ ਹੀ ਯਾਦ ਕਰਵਾਉਣ ਦੀ ਹੈ। ਸਾਡੇ ਗੁਰੂਆਂ ਪੀਰਾਂ ਅਤੇ ਮਹਾਨ ਪੁਰਖਿਆ ਨੇ ਸਾਨੂੰ ਇਮਾਨਦਾਰੀ ਨਾਲ ਕਿਰਤ ਕਰਨ ਦਾ ਰਾਹ ਦਿਖਾਇਆ ਹੈ। ਸਾਡੇ ਸੱਭਿਆਚਾਰ ਵਿਚ ਵੀ ‘ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ’ ਰਾਂਹੀ ਸੱਚੀ ਸੁਚੀ ਕਿਰਤ ਨੂੰ ਉਤਮ ਮੰਨਿਆ ਹੈ। ਅਸੀਂ ਉਹ ਲੋਕ ਜੋ ਚੰਗੀ ਜ਼ਿੰਦਗੀ ਦੀ ਭਾਲ ਵਿਚ ਆਪਣੀ ਜਨਮ ਭੋਂ ਛੱਡ ਕੇ ਵਿਦੇਸ਼ਾ ਵਿਚ ਆ ਵਸੇ ਹਾਂ ਊਨਾਂ ਉਤੇ ਇਕ ਹੋਰ ਜੁੰਮੇਵਾਰੀ ਵੀ ਹੈ ਤੇ ਉਹ ਹੈ ਸੱਚੀ ਸੱੁਚੀ ਅਤੇ ਇਮਾਨਦਾਰੀ ਦੀ ਕਿਰਤ ਕਰਦਿਆਂ ਆਪਣੇ ਦੇਸ਼ ਕੌਮ ਦਾ ਨਾਂ ਉਚਾ ਰੱਖਣ ਦੀ। ਇਨਾਂ ਸਾਰੀਆ ਇਤਿਹਾਸਿਕ ਜੁੰਮੇਵਾਰੀਆਂ ਨੂੰ ਪੁਗਾਉਣ ਦੇ ਨਾਲ ਨਾਲ ਸਭ ਤੋਂ ਵੱਡੀ ਤੇ ਜਰੂਰੀ ਗੱਲ ਹੈ ਆਪਣੀਆ ਨਜ਼ਰਾ ਵਿਚ ਸੱਚੇ ਸੱੁਚੇ ਤੇ ਇਮਾਨਦਾਰ ਬਣੇ ਰਹਿਣ ਦੀ ਅਤੇ ਆਪਣੇ ਬੱਚਿਆਂ ਲਈ ਇਕ ਵਧੀਆਂ ਉਦਾਹਰਣ ਬਣਨ ਦੀ। ਆਪਣੀ ਸਫਲਤਾ ਲਈ ਕੋਈ ਸ਼ੌਰਟਕੱਟ ਜਾਂ ਝੱਟਪੱਟ ਵਾਲਾ ਰਾਹ ਅਖਤਿਆਰ ਨਾ ਕਰੋੋ ਜਿਹੜਾ ਤਹਾਨੂੰ ਕਿਸੇ ਮੁਸ਼ਕਲ ਵਿਚ ਪਾ ਦੇਵੇ। ਭਾਂਵੇ ਹਰ ਸਮਾਜ ਵਿਚ ਹਰ ਤਰਾਂ ਦੇ ਬੰਦੇ ਸ਼ਾਮਲ ਹੁੰਦੇ ਹਨ ਪਰ ਆਪਣੀ ਨਿਗਾਹ ਸਦਾ ਚੰਗੇ ਬੰਦਿਆਂ ਵੱਲ ਹੀ ਰੱਖਣੀ ਚਾਹੀਦੀ ਹੈ। ਕਿਸੇ ਦੀ ਸਫਲਤਾ ਤੋਂ ਪਰਭਾਵਤ ਹੋਣਾਂ ਤੇ ਉਸ ਵਾਂਗ ਸਫਲ ਹੋਣ ਦਾ ਸੁਪਨਾ ਲੈਣਾ ਵਧੀਆ ਗੱਲ ਹੈ ਪਰ ਉਸ ਸਫਲਤਾ ਪਿਛੇ ਲਗੀ ਸਾਲਾਂ ਦੀ ਮੇਹਨਤ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।
ਟਰੱਕਿੰਗ ਨੂੰ ਆਪਣੇ ਕਿਤੇ ਵਜੋਂ ਅਪਨਾਉਣ ਦੇ ਫੈਸਲੇ ਤੋਂ ਲੈ ਕੇ ਸਾਰੇ ਕੰਮ ਪੂਰੀ ਵਿੳਂੁਤ ਅਤੇ ਸਿਆਣਪ ਨਾਲ ਕਰਨੇ ਚਾਹੀਦੇ ਹਨ। ਕਿਸੇ ਇਕ ਟੀਚੇ ਤੇ ਕਾਹਲੀ ਵਿਚ ਪਹੁੰਚਣ ਲਈ ਕਿਸੇ ਤਰਾਂ ਦੀ ਸਮਝੌਤੇਬਾਜ਼ੀ ਨਾ ਕਰੋ। ਟਰੱਕ ਚਲਾਉਣ ਦੀ ਟਰੇਨਿੰਗ ਵੀ ਵਧੀਆਂ ਸਕੂਲ ਤੋਂ ਲਉ ਜੋ ਕਿ ਆਪਣੀ ਮਿਆਰੀ ਟਰੇਨਿੰਗ ਵਿਚ ਮਾਣ ਕਰਦੇ ਹੋਣ ਨਾਂ ਕਿ ਛੇਤੀ ਕੰਮ ਮੁਕਾਉਣ ਵਿਚ। ਕਿਸੇ ਤਜਰਬੇਕਾਰ ਡਰਾਇਵਰ ਨੂੰ ਆਪਣਾ ਉਸਤਾਦ ਬਣਾਉ ਅਤੇ ਉਨਾਂ ਦੇ ਤਜ਼ਰਬੇ ਤੋਂ ਫਾਇਦਾ ਉਠਾਉ। ਇਸੇ ਤਰਾਂ ਆਪਣੇ ਟਰੱਕ ਦੀ ਸੰਭਾਲ, ਆਪਣੀਆਂ ਬਿਜਨਸ ਪ੍ਰਤੀ ਜੁੰਮੇਵਾਰੀਆ ਅਤੇ ਤੁਹਾਡੇ ਪਰਿਵਾਰ ਅਤੇ ਸੇਹਤ ਪ੍ਰਤੀ ਕਿਸੇ ਤਰਾਂ ਦਾ ਸਮਝੌਤਾ ਨਾਂ ਕਰੋ। ਆਪ ਇਨਾਂ ਉਚੇ ਆਦਰਸ਼ਾ ਦਾ ਪਾਲਣ ਕਰਦਿਆਂ ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖੋ ਅਤੇ ਜੇ ਕੋਈ ਤੁਹਾਡਾ ਭਾਈ-ਭਰਾ, ਸੰਗੀ-ਸਾਥੀ ਕਿਤੇ ਡਾਵਾਂਡੋਲ ਹੁੰਦਾ ਦਿਸਦਾ ਹੈ ਤਾਂ ਉਹਦਾ ਸਹਾਰਾ ਵੀ ਬਣੋ। ਤੁਹਾਡਾ ਆਪਣੇ ਅਤੇ ਸਮਾਜ ਪ੍ਰਤੀ ਚੰਗਾ ਵਤੀਰਾ ਹੀ ਤੁਹਾਨੂੰ ਅਗੇ ਵਧਣ ਲਈ ਊਰਜਾ ਦਿੰਦਾ ਹੈ।
– ਹਰਜਿੰਦਰ ਢੇਸੀ
1.8K
previous post