Home Products News ਗਲਤ ਟਰੱਕ ਲੀਜ਼ਿੰਗ ਦੀ ਜਾਂਚ ਕਰਨ ਲਈ ਬਣਾਈ ਗਈ ਇੱਕ ਨਵੀਂ ਟਾਸਕ ਫੋਰਸ

ਗਲਤ ਟਰੱਕ ਲੀਜ਼ਿੰਗ ਦੀ ਜਾਂਚ ਕਰਨ ਲਈ ਬਣਾਈ ਗਈ ਇੱਕ ਨਵੀਂ ਟਾਸਕ ਫੋਰਸ

by Punjabi Trucking

ਮਾਲਕ-ਆਪਰੇਟਰਾਂ ਅਤੇ ਛੋਟੇ ਫਲੀਟਾਂ ਦਾ ਫਾਇਦਾ ਉਠਾਉਣ ਵਾਲੇ ਟਰੱਕ ਲੀਜ਼ਿੰਗ ਪ੍ਰਬੰਧਾਂ ਦੀ ਸਮੱਸਿਆ ਨੂੰ ਦੂਰ ਕਰਨ ਦੀ ਉਮੀਦ ਵਿੱਚ ਯੂ.ਐੱਸ. ਟਰਾਂਸਪੋਰਟੇਸ਼ਨ ਵਿਭਾਗ ਇੱਕ ਨਵੀਂ ਟਾਸਕ ਫੋਰਸ ਦੀ ਸਥਾਪਨਾ ਕਰ ਰਿਹਾ ਹੈ ਜਿਸ ਵਿੱਚ ਟਰੱਕਿੰਗ ਉਦਯੋਗ ਦੇ ਹਿੱਸੇਦਾਰ ਅਤੇ ਹੋਰ ਪ੍ਰਤੀਨਿਧੀ ਸ਼ਾਮਿਲ ਹੋਣਗੇ।
ਇਹ ਟਾਸਕ ਫੋਰਸ ਬਿਡੇਨ ਪ੍ਰਸ਼ਾਸਨ ਦੇ ਟਰੱਕਿੰਗ ਐਕਸ਼ਨ ਪਲਾਨ ਦਾ ਹਿੱਸਾ ਹੈ ਜੋ ਪਿਛਲੇ ਸਾਲ ਦੇ ਬੁਨਿਆਦੀ ਢਾਂਚੇ ਦੇ ਬਿੱਲ ਦੇ ਪਾਸ ਹੋਣ ਨਾਲ ਸਥਾਪਿਤ ਕੀਤੀ ਗਈ ਸੀ।
ਨਵੇਂ ਟਰੱਕ ਲੀਜ਼ਿੰਗ ਟਾਸਕ ਫੋਰਸ ਦਾ ਹਿੱਸਾ ਬਨਣ ਲਈ; ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) 6 ਮਈ ਤੱਕ ਆਪਣੀ ਵੈੱਬਸਾਈਟ ‘ਤੇ ਅਰਜ਼ੀਆਂ ਸਵੀਕਾਰ ਕਰ ਰਹੀ ਹੈ। ਇਸ ਦਾ ਮੁੱਖ ਉਦੇਸ਼ ਇਹ ਜਾਨਣਾ ਹੈ ਕਿ ਟਰੱਕ ਲੀਜ਼ ਨਾਲ ਡਰਾਈਵਰਾਂ ਦੀ ਸੁਰੱਖਿਆ ‘ਤੇ ਕੋਈ ਪ੍ਰਭਾਵ ਪੈਂਦਾ ਹੈ ਜਾਂ ਨਹੀਂ।
ਇਹ ਟਾਸਕ ਫੋਰਸ ਕੁੱਲ 10 ਮੈਂਬਰਾਂ ਦੀ ਹੋਵੇਗੀ ਜਿਸ ਵਿੱਚ ਵਪਾਰਕ ਫਲੀਟ, ਮਾਲਕ-ਆਪਰੇਟਰ, ਮਜ਼ਦੂਰ, ਉਪਭੋਗਤਾ ਸੁਰੱਖਿਆ ਸਮੂਹ, ਕਾਨੂੰਨ ਫਰਮ ਅਤੇ ਟਰੱਕ ਲੀਜ਼ਿੰਗ ਸਮਝੌਤਿਆਂ ਤੋਂ ਪ੍ਰਭਾਵਿਤ ਹੋਰ ਕਾਰੋਬਾਰੀ ਸ਼ਾਮਲ ਹੋਣਗੇ। ਔਰਤਾਂ ਅਤੇ ਹੋਰ ਗੈਰ-ਰਵਾਇਤੀ ਪ੍ਰਤੀਨਿਧਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਟਰਾਂਸਪੋਰਟੇਸ਼ਨ ਸੈਕਟਰੀ, ਪੀਟ ਬੁਟੀਗੀਗ ਨੇ ਕਿਹਾ, ਟਰੱਕਿੰਗ ਉਦਯੋਗ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿੱਚੋਂ ਪ੍ਰਸ਼ਾਸਨ ਵੱਲੋਂ ਟਰੱਕ ਲੀਜ਼ਿੰਗ ਟਾਸਕ ਫੋਰਸ ਬਣਾਉਣਾ ਇੱਕ ਮਹੱਤਵਪੂਰਨ ਕਾਰਵਾਈ ਹੈ। ਇਸ ਦੇ ਨਾਲ ਪੀਟ ਨੇ ਕਿਹਾ ਕਿ ਅਮਰੀਕੀ ਟਰੱਕ ਡਰਾਈਵਰ ਨਿਰਪੱਖ ਲੀਜ਼ਿੰਗ ਸਮਝੌਤਿਆਂ ਦੇ ਹੱਕਦਾਰ ਹਨ ਅਤੇ ਉਹਨਾਂ ਨੂੰ ਇਸ ਦੀ ਲੋੜ ਹੈ।
ਨਵੀਂ ਟਾਸਕ ਫੋਰਸ ਹੇਠ ਲਿਖੇ ਮੁੱਦਿਆਂ ਨੂੰ ਹੱਲ ਕਰੇਗੀ:
ਲੇਬਰ ਵਿਭਾਗ ਅਤੇ ਕੰਜ਼ਿਊਮਰ ਫਾਇਨੈਨਸ਼ੀਅਲ ਪ੍ਰੋਟੈਕਸ਼ਨ ਬਿਊਰੋ ਨਾਲ ਮਿਲ ਕੇ ਟਰੱਕ ਲੀਜ਼ਿੰਗ ਪ੍ਰਬੰਧਾਂ ਦੀ ਜਾਂਚ ਕਰਨਾ।
ਆਮ ਟਰੱਕ ਲੀਜ਼ ਸਮਝੌਤਿਆਂ ਅਤੇ ਉਹਨਾਂ ਦੀਆਂ ਸ਼ਰਤਾਂ ਦੀ ਜਾਂਚ ਕਰਨਾ ਅਤੇ ਉਹਨਾਂ ਸਮਝੌਤਿਆਂ ਦੀ ਸਮੀਖਿਆ ਕਰਨੀ ਜੋ ਕਿ ਮੋਟਰ ਕੈਰੀਅਰ ਉਦਯੋਗ ਵਿੱਚ ਸੰਭਾਵੀ ਤੌਰ ‘ਤੇ ਅਸਮਾਨਤਾ ਵਾਲੇ ਹਨ।
ਬੰਦਰਗਾਹਾਂ ‘ਤੇ ਡਰਾਏਏਜ਼ ਡਰਾਈਵਰਾਂ ਲਈ ਉਪਲਬਧ ਸਮਝੌਤਿਆਂ ਦੀ ਜਾਂਚ ਕਰਨਾ।
ਇਹ ਜਾਂਚ ਕਰਨਾ ਕਿ ਕੀ ਟਰੱਕ ਲੀਜ਼ਿੰਗ ਸਮਝੌਤੇ ਸਹੀ ਢੰਗ ਨਾਲ ਵਾਹਨਾਂ ਦੇ ਸੁਰੱਖਿਅਤ ਸੰਚਾਲਨ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਵਿੱਚ ਡਰਾਈਵਰ ਦੇ ਕੰਮ ਦੇ ਘੰਟਿਆਂ ਦੇ ਨਿਯਮਾਂ ਅਤੇ ਸਪੀਡ ਕਾਨੂੰਨਾਂ ਦੀ ਪਾਲਣਾ ਕਰਨਾ ਸ਼ਾਮਲ ਹੈ।
ਟਰੱਕ ਲੀਜ਼ਿੰਗ ਸਮਝੌਤਿਆਂ ਦਾ ਵਪਾਰਕ ਮੋਟਰ ਵਾਹਨ ਡਰਾਈਵਰਾਂ ਦੇ ਮੁਆਵਜ਼ੇ ‘ਤੇ ਪੈਂਦੇ ਪ੍ਰਭਾਵ ਦਾ ਅਧਿਐਨ ਕਰਨਾ।
ਉਦਯੋਗ ਵਿੱਚ ਸ਼ਾਮਲ ਮੋਟਰ ਕੈਰੀਅਰਾਂ, ਐਂਟਰੀ-ਪੱਧਰ ਦੇ ਡਰਾਈਵਰਾਂ, ਡਰਾਈਵਰ ਸਿਖਲਾਈ ਪ੍ਰਦਾਤਾਵਾਂ ਅਤੇ ਹੋਰਾਂ ਵਿੱਚ ਟਰੱਕ ਲੀਜ਼ਿੰਗ ਪ੍ਰਬੰਧਾਂ ਅਤੇ ਫਾਇਨੈਂਸ ਪ੍ਰਬੰਧਾਂ ਦੀ ਜਾਂਚ ਕਰਨਾ।
ਲੀਜ਼ਿੰਗ ਸਮਝੌਤਿਆਂ ਦੇ ਫਾਇਨੈਂਸ ਪ੍ਰਭਾਵਾਂ ਦੀ ਜਾਂਚ ਕਰਨ ਵਿੱਚ ਟਰੱਕ ਡਰਾਈਵਰਾਂ ਦੀ ਮਦਦ ਕਰਨ ਵਾਲੇ ਸਰੋਤਾਂ ਨੂੰ ਲੱਭਣਾ।
ਇੱਕ ਵਾਰ ਜਦੋਂ ਉਹਨਾਂ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਟਾਸਕ ਫੋਰਸ ਦੁਆਰਾ ਬਿਡੇਨ ਪ੍ਰਸ਼ਾਸਨ ਅਤੇ ਕਾਂਗਰਸ ਨੂੰ ਇੱਕ ਰਿਪੋਰਟ ਜਮ੍ਹਾਂ ਕਰਵਾਈ ਜਾਵੇਗੀ ਜਿਸ ਵਿੱਚ ਕਾਨੂੰਨਾਂ ਅਤੇ ਨਿਯਮਾਂ ਵਿੱਚ ਸੰਭਾਵਿਤ ਤਬਦੀਲੀਆਂ ਲਿਆਉਣ ਦੀ ਮੰਗ ਕੀਤੀ ਜਾਵੇਗੀ।
ਐਫ਼.ਐਮ.ਸੀ.ਐਸ.ਏ. ਦੇ ਕਾਰਜਕਾਰੀ ਪ੍ਰਸ਼ਾਸਕ ਰੌਬਿਨ ਹਚਸਨ ਨੇ ਕਿਹਾ, “ਟਰੱਕ ਲੀਜ਼ਿੰਗ ਦੇ ਫਾਇਨੈਂਸ ਪ੍ਰਭਾਵਾਂ ਬਾਰੇ ਸਾਡੀ ਸਮਝ ਨੂੰ ਵਧਾਉਣ ਲਈ ਟਾਸਕ ਫੋਰਸ ਅਹਿਮ ਭੂਮਿਕਾ ਨਿਭਾਵੇਗੀ ਜਿਸ ਨਾਲ ਪੇਸ਼ੇਵਰ ਟਰੱਕ ਡਰਾਈਵਰਾਂ ਦੀ ਜੀਵਨ ਸ਼ੈਲੀ ਅਤੇ ਸੁਰੱਖਿਆ ਹੋਰ ਮਜ਼ਬੂਤ ​​ਹੋਵੇਗੀ।”

You may also like

Verified by MonsterInsights