ਇੱਕ ਆਰਥਿਕ ਸਲਾਹਕਾਰ ਕਮੇਟੀ ਨੇ ਬਿਡੇਨ ਪ੍ਰਸ਼ਾਸਨ ਨੂੰ ਸਿਫਾਰਸ਼ ਕਰਦਿਆਂ ਇਹ ਕਿਹਾ ਕਿ ਕਾਮਰਸ ਵਿਭਾਗ ਨੂੰ ਸਵਦੇਸ਼ੀ ਟਰੱਕ ਡਰਾਈਵਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਮਲਟੀ-ਏਜੰਸੀ ਬਣਾਉਣੀ ਚਾਹੀਦੀ ਹੈ।
ਇਸ ਖ਼ੇਤਰ ਦੇ ਉੱਚ ਅਧਿਕਾਰੀਆਂ ਦੀ ਕਮੇਟੀ, ਰਾਸ਼ਟਰੀ ਵਾਪਾਰ ਪ੍ਰਸ਼ਾਸਨ ਐਡਵਾਇਜ਼ਰੀ ਕਮੇਟੀ ਸਪਲਾਈ ਚੇਨ ਕੰਪੇਟੀਟਿਵਨੈੱਸ (ਏ.ਸੀ.ਐਸ.ਸੀ.ਸੀ.), ਨੇ ਕਾਮਰਸ ਸਕੱਤਰ ਗੀਨਾ ਰਾਇਮੁੰਡੋ ਨੂੰ ਇਕ ਚਿੱਠੀ ਰਾਹੀਂ ਦੱਸਿਆ ਕਿ ਟਰੱਕ ਡਰਾਈਵਰਾਂ ਦੀ ਕਮੀ ਪਿੱਛਲੇ ਕੁੱਝ ਸਾਲਾਂ ਮੁਕਾਬਲੇ ਹੁਣ ਸਭ ਤੋਂ ਜ਼ਿਆਦਾ ਹੈ।
ਚਿੱਠੀ ਵਿੱਚ ਇਹ ਲਿਖਿਆ ਗਿਆ ਕਿ ਮਹਾਂਮਾਰੀ ਦੇ ਸਮੇਂ ਸਪਲਾਈ ਚੇਨਾਂ ਬਹੁਤ ਜ਼ਰੂਰੀ ਸਨ ਅਤੇ ਹੁਣ ਵੀ ਦੇਸ਼ ਭਰ ਵਿੱਚ ਸੁਰੱਖਿਅਤ ਤਰੀਕਿਆਂ ਨਾਲ ਵੱਖ ਵੱਖ ਜਗ੍ਹਾ ਸਮਾਨ ਦੀ ਸਪਲਾਈ ਕਰਨ ਲਈ ਇਹ ਚੇਨਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਘਰੇਲੂ ਕੰਮਾਂ ਲਈ ਅਤੇ ਹਵਾਈ, ਸਮੁੰਦਰੀ ਜਾਂ ਜ਼ਮੀਨੀ ਬੰਦਰਗਾਹਾਂ ਰਾਹੀਂ ਸਮਾਨ ਦੀ ਆਵਾਜਾਈ ਲਈ ਟਰੱਕ ਬਹੁੱਤ ਜ਼ਰੂਰੀ ਹਨ।
ਪੈਨਲ ਨੇ ਇਹ ਸਿਫਾਰਸ਼ ਵੀ ਕੀਤੀ ਕਿ ਕਾਮਰਸ ਵਿਭਾਗ ਨੂੰ ਡਰਾਈਵਰਾਂ ਦੀ ਗਿਣਤੀ ਵਧਾਉਣ ਲਈ ਸਿਖਲਾਈ ਪ੍ਰੋਗਰਾਮਾਂ ਨਾਲ ਜੁੜੇ ਸਮੂਹਾਂ ਦੀ ਗਿਣਤੀ ਨੂੰ ਵਧਾਉਣਾ ਚਾਹੀਦਾ ਹੈ।
ਏ.ਸੀ.ਐਸ.ਸੀ.ਸੀ. ਵਰਕਫੋਰਸ ਡਿਵੈਲਪਮੈਂਟ ਸਬ-ਕਮੇਟੀ ਦੀ ਚੇਅਰ ਐਨੀ ਸਟ੍ਰਾਸ-ਵਾਈਡਰ ਨੇ ਇਹ ਦੱਸਿਆ ਕਿ “ਵੱਖਰੇ-ਵੱਖਰੇ ਵਿਭਾਗ ਪਹਿਲਾਂ ਤੋਂ ਹੀ ਇਹ ਕਰ ਰਹੇ ਹਨ ਅਤੇ ਸੈਨੇਟ ਦੁਆਰਾ ਪਾਸ ਕੀਤਾ ਗਿਆ ਇਨਫਰਾਸਟਰਕਚਰ ਬਿੱਲ ਵੀ ਇਸ ਦੀ ਗਵਾਹੀ ਭਰਦਾ ਹੈ।
ਸੈਨੇਟ ਬਿੱਲ ਵਿੱਚ 21 ਸਾਲਾਂ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਲਈ ਫੰਡਿੰਗ ਲੈਣ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਬਿੱਲ ਵਿੱਚ ਆਵਾਜਾਈ ਵਿਭਾਗ ਅੰਦਰ ਇੱਕ ਨਵੀਂ ਕਮੇਟੀ ਖੋਲਣ ਦੀ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਟਰੱਕ ਡਰਾਈਵਰੀ ਦੇ ਖ਼ੇਤਰ ਵਿੱਚ ਔਰਤਾਂ ਦੀ ਭਰਤੀ ਤੇ ਧਿਆਨ ਦਿੱਤਾ ਜਾਵੇਗਾ।
ਮੰਦਭਾਗੀ ਗੱਲ ਇਹ ਹੈ ਕਿ ਇਸ ਬਿੱਲ ਵਿੱਚ ਦੇਸ਼ ਭਰ ਵਿੱਚ ਫੈਲੀ ਟਰੱਕ ਪਾਰਕਿੰਗ ਲਈ ਕੋਈ ਪੈਸੇ ਦੀ ਗੱਲ ਨਹੀਂ ਕੀਤੀ ਗਈ ਹੈ। ਇਕ ਲੌਜਿਸਟਿਕਸ ਕੰਪਨੀ ਸੀ.ਐਚ. ਰੌਬਿਨਸਨ ਅਤੇ ਏ.ਸੀ.ਐਸ.ਸੀ.ਸੀ ਦੇ ਮੈਂਬਰ ਜੇਸਨ ਕ੍ਰੈਗ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਪਾਰਕਿੰਗ ਦੀ ਕਮੀ ਹੋਣ ਕਾਰਨ ਉਥੋਂ ਡਰਾਈਵਰਾਂ ਦੀ ਭਰਤੀ ਕਰਨ ਵਿੱਚ ਤੰਗੀ ਆ ਰਹੀ ਹੈ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਬਹੁਤ ਸਾਰੇ ਸ਼ਹਿਰਾਂ ਨੇ ਸੜਕਾਂ ਉੱਤੇ ਟਰੱਕ ਪਾਰਕਿੰਗ ਕਰਨ ਤੇ ਪਾਬੰਧੀ ਲਗਾਈ ਹੋਈ ਹੈ।
ਕਰੈਗ ਨੇ ਕਿਹਾ, ” ਇੱਕ ਚੀਜ਼ ਦਾ ਅਹਿਸਾਸ ਸਾਨੂੰ ਬਹੁਤ ਜਲਦੀ ਹੋਇਆ ਕਿ ਇਹ ਮੁੱਦਾ ਨਿਆਂ ਦਾ ਵੀ ਹੈ ਅਤੇ ਜੇਕਰ ਟਰੱਕਿੰਗ ਖ਼ੇਤਰ ਸ਼ਹਿਰੀ ਇਲਾਕਿਆਂ ‘ਚੋਂ ਡਰਾਈਵਰਾਂ ਦੀ ਭਰਤੀ ਕਰਨਾ ਚਾਹੁੰਦਾ ਹੈ ਤਾਂ ਸ਼ਹਿਰਾਂ ਵਿੱਚ ਲੱਗੀਆਂ ਪਾਰਕਿੰਗ ਪਾਬੰਧੀਆਂ ਨੂੰ ਹਟਾਉਣ ਦੀ ਲੋੜ ਹੈ।
ਅੰਤਰਰਾਸ਼ਟਰੀ ਲੌਂਗਸ਼ੋਰਮੈਨ ਅਤੇ ਵੇਅਰਹਾਊਸ ਯੂਨੀਅਨ ਨਾਲ ਜੁੜੇ, ਪੈਨਲ ਦੇ ਇੱਕ ਹੋਰ ਮੈਂਬਰ, ਮਾਈਕਲ ਪੋਡੂ, ਨੇ ਕਿਹਾ ਕਿ ਕੇਵਲ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਅਤੇ ਤਨਖਾਹ ਵਧਾਉਣ ਨਾਲ ਹੀ ਦੇਸ਼ ਵਿੱਚ ਡਰਾਈਵਰ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਪੱਛਮੀ ਤੱਟ ਅਤੇ ਦੇਸ਼ ਭਰ ਵਿੱਚ ਇਸ ਸਮੇਂ ਡਰਾਈਵਰਾਂ ਦੀ ਬਹੁਤ ਜ਼ਿਆਦਾ ਘਾਟ ਹੈ। ਲੋਕਾਂ ਨੂੰ ਟਰੱਕ ਡਰਾਈਵਰ ਬਣਨ ਲਈ ਉਤਸ਼ਾਹਿਤ ਕਰਨ ਲਈ ਸਾਨੂ ਕੁੱਝ ਖ਼ਾਸ ਕਦਮ ਉਠਾਉਣ ਦੀ ਲੋੜ ਹੈ। ਅੰਤ ਵਿੱਚ ਉਹਨਾਂ ਨੇ ਕਿਹਾ,”ਮੈਨੂੰ ਨਹੀਂ ਪਤਾ ਕਿ ਅਸੀਂ ਉੱਥੇ ਕਿਵੇਂ ਪਹੁੰਚਦੇ ਹਾਂ ਪਰ ਕੰਮ ਕਰਨ ਦੀਆਂ ਸਥਿਤੀਆਂ ਅਤੇ ਡਰਾਈਵਰਾਂ ਦੀ ਤਨਖ਼ਾਹ ਵੱਲ ਸਾਨੂੰ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।