ਕੈਨਬੀਡੀਓਲ – ਸੀ.ਬੀ.ਡੀ. ਦੇ ਤੌਰ ਤੇ ਜਾਣਿਆ ਜਾਣ ਵਾਲਾ ਪਦਾਰਥ – ਅਕਸਰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਦਰਦ, ਚਿੰਤਾ, ਉਦਾਸੀ, ਬਲੱਡ ਪ੍ਰੈਸ਼ਰ ਨੂੰ ਘਟਾਉਣ ਅਤੇ ਕੈਂਸਰ ਦੇ ਇਲਾਜ ਤੋਂ ਬਾਅਦ ਦੇ ਮਾੜੇ ਪ੍ਰਭਾਵਾਂ ਨੂੰ ਸਹੀ ਕਰਨ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਇਹ ਭੰਗ ਦੇ ਪੌਦਿਆਂ `ਚੋਂ ਕੱਢਿਆ ਜਾਂਦਾ ਹੈ, ਪਰ ਸੀ.ਬੀ.ਡੀ ਮਿਸ਼ਰਣ ਵਿੱਚ ਭੰਗ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ।
ਪਰ ਇਹ ਅਜੇ ਵੀ ਉਹਨਾਂ ਟਰੱਕ ਚਾਲਕਾਂ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ, ਜਿਨ੍ਹਾਂ ਲਈ ਨਸ਼ੇ ਦਾ ਟੈਸਟ ਕਰਾਉਣਾ ਜ਼ਰੂਰੀ ਹੈ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਨੇ ਵੀਰਵਾਰ, 27 ਮਈ ਨੂੰ ਇੱਕ ਅਪਡੇਟ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਟਰੱਕ ਚਾਲਕਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਸੀ.ਬੀ.ਡੀ ਦੀ ਵਰਤੋਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਐਫ.ਐਮ.ਸੀ.ਐਸ.ਏ ਨੇ “ਕਲੀਅਰਿੰਗ ਹਾਊਸ ਅਪਡੇਟ” ਜਾਰੀ ਕਰਦਿਆਂ ਦੱਸਿਆ, “ਕਿਉਂਕਿ ਸੀ.ਬੀ.ਡੀ. ਵਾਲੇ ਪਦਾਰਥਾਂ ਦੀ ਵਰਤੋਂ ਨਾਲ ਨਸ਼ਾ ਟੈਸਟ ਦੇ ਨਤੀਜੇ ਸਕਾਰਾਤਮਕ ਪਾਏ ਜਾ ਸਕਦੇ ਹਨ, ਇਸ ਲਈ ਆਵਾਜਾਈ ਵਿਭਾਗ ਨੇ ਸੁਰੱਖਿਆ ਲਈ ਸੰਵੇਦਨਸ਼ੀਲ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਕਰਨ ਬਾਰੇ ਸਾਵਧਾਨੀ ਵਰਤਣ ਲਈ ਕਿਹਾ ਹੈ।
ਏਜੰਸੀ ਨੇ ਟਰੱਕ ਚਾਲਕਾਂ ਅਤੇ ਹੋਰਾਂ ਨੂੰ ਇਹ ਯਾਦ ਕਰਵਾਇਆ ਕਿ:
ਡੀ.ਓ.ਟੀ. ਟੈਸਟ ਵਿੱਚ ਭੰਗ ਦੀ ਜਾਂਚ ਹੋਣ ਦੀ ਲੋੜ੍ਹ ਹੈ ਨਾ ਕਿ ਸੀ.ਬੀ.ਡੀ. ਦੀ
ਕਈ ਸੀ.ਬੀ.ਡੀ ਦੀ ਵਰਤੋਂ ਨਾਲ ਬਣੇ ਪਦਾਰਥਾਂ `ਤੇ ਲੱਗੇ ਲੇਬਲ ਸਹੀ ਨਹੀਂ ਹੁੰਦੇ ਕਿਉਂਕਿ ਲੇਬਲ ਉੱਤੇ ਦੱਸੀ ਟੈਟਰਾ ਹਾਈਡ੍ਰੋ ਕੈਨਾਬੀਨੋਲ (ਟੀ.ਐੱਚ.ਸੀ.) ਦੀ ਮਾਤਰਾ ਉਸ ਚੀਜ਼ ਵਿੱਚ ਸ਼ਾਮਿਲ ਮਾਤਰਾ ਤੋਂ ਘੱਟ ਦੱਸੀ ਗਈ ਹੁੰਦੀ ਹੈ। ਟੀ.ਐੱਚ.ਸੀ.ਉਹ ਮਿਸ਼ਰਣ ਹੈ ਜਿਸ ਦੀ ਮਾਤਰਾ ਭੰਗ ਵਿੱਚ ਨਸ਼ੇ ਦੀ ਮਾਤਰਾ ਨੂੰ ਦਰਸਾਉਂਦੀ ਹੈ।
ਨਸ਼ਾ ਟੈਸਟ ਦੇ ਨਤੀਜੇ ਸਕਾਰਾਤਮਕ ਆਉਣ ਦਾ ਕਾਰਨ, ਸੀ.ਬੀ.ਡੀ ਦੀ ਵਰਤੋਂ ਨੂੰ ਦੱਸਣਾ, ਡਾਕਟਰਾਂ ਅਨੁਸਾਰ ਇੱਕ ਜਾਇਜ਼ ਕਾਰਨ ਨਹੀਂ ਹੈ। ਇਸਦਾ ਮਤਲਬ ਹੈ ਕਿ ਮੈਡੀਕਲ ਸਮੀਖਿਆ ਅਧਿਕਾਰੀ ਡਰੱਗ ਟੈਸਟ ਦੇ ਨਤੀਜੇ ਨੂੰ ਸਕਾਰਾਤਮਕ ਮੰਨ ਕੇ ਉਸ ਦੀ ਜਾਂਚ ਕਰਨਗੇ, ਭਾਵੇਂ ਕਿ ਕੋਈ ਕਰਮਚਾਰੀ ਦਾਅਵਾ ਕਰਦਾ ਹੈ ਕਿ ਉਸ ਨੇ ਸਿਰਫ ਸੀ.ਬੀ.ਡੀ ਵਾਲੇ ਪਦਾਰਥ ਦੀ ਵਰਤੋਂ ਕੀਤੀ ਹੈ।
ਯੂ.ਐਸ. ਦੇ ਡੀ.ਓ.ਟੀ. ਨਸ਼ੇ ਅਤੇ ਸ਼ਰਾਬ ਦੀ ਜਾਂਚ ਦੇ ਨਿਯਮ, 49 ਸੀ.ਐਫ.ਆਰ. ਦੇ ਭਾਗ 40 ਅਨੁਸਾਰ ਕਿਸੇ ਵੀ ਕਾਰਣ ਲਈ, ਕਿਸੇ ਨੂੰ ਭੰਗ ਸਮੇਤ ਹੋਰ ਵੀ ਅਜਿਹੇ ਨਸ਼ਿਆਂ ਨੂੰ ਲੈਣ ਦਾ ਅਧਿਕਾਰ ਨਹੀਂ ਹੈ ਜਿੰਨ੍ਹਾ ਦੀ ਮੈਡੀਕਲ ਵਰਤੋਂ ਨੂੰ ਅਜੇ ਸਵੀਕਾਰਿਆ ਨਾ ਗਿਆ ਹੋਵੇ।