ਅਲਬਰਟਾ ਸੂਬੇ ਦੇ ਟ੍ਰਾਂਸਪੋਰਟ ਮੰਤਰਾਲੇ ਦਾ ਕਹਿਣਾ ਹੈ ਕਿ ਸੂਬੇ ‘ਚ ਜਨਵਰੀ ਮਹੀਨੇ ਤੋਂ ਕਮ੍ਰਸ਼ਲ ਡ੍ਰਾਈਵਰਾਂ ਲਈ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ ਜੋ ਇਸ ਤਰ੍ਹਾਂ ਦੇ ਡ੍ਰਾਈਵਰਾਂ ਲਈ ਲਾਜ਼ਮੀ ਹੋਵੇਗੀ।
ਇਸ ਤਰ੍ਹਾਂ ਦਾ ਬਿਆਨ ਦਿੰਦੇ ਹੋਏ ਸੁਬੇ ਦੇ ਆਵਾਜਾਈ ਮੰਤਰੀ ਬਰਾਇਨ ਮੈਸਨ ਨੇ ਹਾਲੀਆ 6 ਅਪਰੈਲ ਨੂੰ ਹੋਏ ਦਰਦਨਾਕ ਹਾਦਸੇ ਦਾ ਜ਼ਿਕਰ ਕੀਤਾ ਜਿਹੜਾ ਉਸ ਬੱਸ ਨਾਲ਼ ਇੱਕ ਟਰੱਕ ਟ੍ਰੇਲਰ ਦੀ ਟੱਕਰ ਹੋਣ ਨਾਲ ਵਾਪਰਿਆ, ਜਿਹੜੀ ਹਮਬੋਲਟ ਬ੍ਰੌਂਕੋਸ ਜੂਨੀਅਰ ਹਾਕੀ ਟੀਮ ਨੂੰ ਲੈ ਕੇ ਸਸਕੈਸ਼ਵਾਂ ਜਾ ਰਹੀ ਸੀ। ਇਸ ਅਤਿ ਦਰਦਨਾਕ ਹਾਦਸੇ ‘ਚ ਬੱਸ ‘ਚ ਸਵਾਰ 16 ਵਿਅਕਤੀ ਮਾਰੇ ਗਏ ਅਤੇ 13 ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਟਰੱਕ ਦਾ ਜਸਕੀਰਤ ਸਿੱਧੂ ਨਾਂਅ ਦਾ ਡ੍ਰਾਈਵਰ 29 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ‘ਚ 16 ਦੋਸ਼ ਹਨ ਖਤਰਨਾਕ ਢੰਗ ਨਾਲ਼ ਡ੍ਰਾਈਵਿੰਗ, ਜਿਹੜੇ ਮੌਤ ਦਾ ਕਾਰਨ ਬਣੇ।
ਜੁਲਾਈ 2016 ‘ਚ ਓਨਟਾਰੀਓ ਉੱਤਰੀ ਅਮਰੀਕਾ ਦਾ ਉਹ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਕਮ੍ਰਸ਼ਲ ਟਰੱਕ ਡ੍ਰਾਈਵਰਾਂ ਨੂੰ ਲਾਜ਼ਮੀ ਮੁੱਢਲੀ ਸੁਰੱਖਿਆ ਟ੍ਰੇਨਿੰਗ ਲੈਣੀ ਪਵੇਗੀ। ਇਹ ਡ੍ਰਾਈਵਿੰਗ ਟ੍ਰੇਨਿੰਗ ਪਾਲਿਸੀ ਪਿਛਲੇ ਸਾਲ ਪਹਿਲੀ ਜੁਲਾਈ ਤੋਂ ਲਾਗੂ ਹੈ। ਇਸ ਤਰ੍ਹਾਂ ਹੀ ਅਮਰੀਕਾ ਨੇ ਆਪਣੀ ਐਂਟਰੀ ਲੈਵਲ ਡ੍ਰਾਈਵਰ ਟ੍ਰੇਨਿੰਗ ਪਾਲਿਸੀ ਬਣਾਈ ਹੈ ਜੋ 2020 ‘ਚ ਲਾਗੂ ਹੋ ਰਹੀ ਹੈ।
1.5K