Home Uncategorized ਸਾਲ 2018 ਵਿਚ ਟਰੱਕਿੰਗ ਦਾ ਲੇਖਾ ਜੋਖਾ ਅਤੇ ਭਵਿਖ ਦੀਆਂ ਚਨੌਤੀਆਂ

ਸਾਲ 2018 ਵਿਚ ਟਰੱਕਿੰਗ ਦਾ ਲੇਖਾ ਜੋਖਾ ਅਤੇ ਭਵਿਖ ਦੀਆਂ ਚਨੌਤੀਆਂ

by Punjabi Trucking

ਇਸ ਸਾਲ ਟਰੱਕਿੰਗ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਜਿਵੇਂ ਟਰੇਡ ਅਤੇ ਟੈਰਿਫ, ਨਵੀਂ ਤਕਨੀਕ ਅਤੇ ਹੋਰ ਕਈ ਸਥਾਈ ਮਸਲਿਆਂ ਦੇ ਚਲਦਿਆਂ ਹੋਇਆਂ ਵੀ ਸਨ 2018 ਦਾ ਵਰਾ ਟਰੱਕ ਇੰਡਸਟਰੀ ਲਈ ਵਧੀਆ ਰਿਹਾ। ਭਾਂਵੇ ਟਰੱਕਿੰਗ ਨੂੰ ਦਰਪੇਸ਼ ਕਈ ਮਸਲੇ ਅਖਬਾਰਾਂ ਅਤੇ ਖਬਰਾਂ ਦੀਆਂ ਮੁਖ ਸੁਰਖੀਆਂ ਰਹੇ ਪਰ ਫਿਰ ਵੀ ਟਰੱਕਿੰਗ ਇੰਡਸਟਰੀ ਦੇ ਸਾਰੇ ਸੈਕਟਰ ਪੂਰੇ ਜੋਬਨ ਤੇ ਹਨ। ਭੰਗ ਦੇ ਕਨੂੰਨੀ ਹੋਣ ਕਾਰਣ ਕੈਨੇਡਾ ਤੋਂ ਭੰਗ ਦੇ ਫਰੇਟ ਦੇ ਨਵੇਂ ਰਾਹ ਖੁਲ ਰਹੇ ਹਨ ਅਤੇ ਪਿਛਲੇ ਸਾਲਾਂ ਵਿਚ ਕੁਝ ਸੁਸਤ ਰਹੇ ਸੈਕਟਰ ਜਿਵੇਂ ਤੇਲ, ਫਿਰ ਤੋ ਭੱਖ ਰਹੇ ਹਨ।
ਪਰ ਇਹ ਸਾਲ ਕੋਈ ਮੁਸ਼ਕਲਾਂ ਤੋਂ ਖਾਲੀ ਵੀ ਨਹੀਂ ਸੀ। ਨਾਫਟਾ ਨਾਲ ਸਬੰਧਤ ਟਰੇਡ ਅਤੇ ਟੈਰਿਫ ਦਾ ਮਸਲਾ ਭਾਰੂ ਰਿਹਾ ਅਤੇ ਬਹੁਤ ਸਾਰੀਆਂ ਟਰੱਕ ਕੰਪਨੀਆਂ ਨਾਫਟਾ ਦੀਆ ਅਗਲੇ ਦੌਰ ਦੀ ਗੱਲ ਬਾਤ ਵੱਲ ਵੇਖ ਰਹੀਆਂ ਹਨ ਇਸ ਆਸ ਵਿਚ ਕਿ ਟੈਰਿਫ ਦਾ ਇਹ ਮਸਲਾ ਜਿਸ ਨੇ ਇਸ ਸਾਲ ਦੇ ਬਿਜਨਿਸ ਨੂੰ ਕਾਫੀ ਪਰਭਾਵਤ ਕੀਤਾ ਹੈ ਇਕ ਥੋੜੇ ਸਮੇਂ ਦੀ ਸਮੱਸਿਆ ਹੀ ਹੋਵੇਗਾ। ਟਰੱਕ ਇੰਡਸਟਰੀ ਜਿਥੇ ਨਵੀਂ ਤਕਨੀਕ ਨੂੰ ਅਪਨਾਉਣ ਵਿਚ ਲਗੀ ਹੋਈ ਹੈ ਉਥੇ ਹੀ ਵਡੀ ਉਮਰ ਕਾਰਨ ਰੀਟਾਇਰ ਹੋ ਰਹੇ ਡਰਾਇਵਰਾਂ ਅਤੇ ਹੋਰ ਕਾਰਨਾ ਦੇ ਚਲਦਿਆਂ ਡਰਾਇਵਰਾਂ ਦੀ ਘਾਟ ਨਾਲ ਵੀ ਦੋ ਚਾਰ ਹੋ ਰਹੀ ਹੈ।
ਨਵੇਂ ਡਰਾਇਵਰ ਭਰਤੀ ਕਰਨ ਦੀ ਵੱਡੀ ਨਿਉਜ ਵੀ ਹੁਣ ਨਵੀਂ ਨਹੀ ਰਹੀ। ਇੰਡਸਟਰੀ ਡਰਾਇਵਰਾਂ ਦੀ ਘਾਟ ਪਿਛਲੇ 20 ਸਾਲਾਂ ਤੋਂ ਝੱਲ ਰਹੀ ਹੈ ਅਤੇ ਪਿਛਲੇ 12 ਮਹੀਨਿਆ ਵਿਚ ਵੀ ਇਸ ਵਿਚ ਕੋਈ ਖਾਸ ਸੁਧਾਰ ਨਹੀਂ ਹੋਇਆ। ਅਮਰੀਕਨ ਟਰੱਕ ਐਸੋਸੀਏਸ਼ਨ ਦੇ ਅਨੁਸਾਰ ਵੱਡੀਆਂ ਕੰਪਨੀਆਂ ਜਿਵੇ ਐਮਾਜਾਨ ਅਤੇ ਵਾਲਮਾਰਟ ਦੀਆਂ ਸ਼ਿਪਿੰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੀ 51000 ਨਵੇਂ ਟਰੱਕ ਡਰਾਇਵਰਾਂ ਦੀ ਲੋੜ ਹੈ। ਇੰਡਸਟਰੀ ਦੀ ਇਕ ਹੋਰ ਰੀਪੋਰਟ ਮੁਤਾਬਕ ਸਾਲ 2018 ਦੇ ਸ਼ੁਰੂ ਵਿਚ ਹਰੇਕ 12 ਲੋਡਾਂ ਦੇ ਪਿਛੇ ਇਕ ਟਰੱਕ ਹੀ ਹਾਜ਼ਰ ਸੀ।
ਕੋਈ 70% ਟਰੱਕ ਡਰਾਇਵਰ 55 ਸਾਲ ਜਾਂ ਇਸ ਤੋਂ ਜਿਆਦਾ ਉਮਰ ਦੇ ਹਨ। ਰੀਟਾਇਰ ਹੋ ਰਹੇ ਟਰੱਕ ਡਰਾਇਵਰਾਂ ਦੀ ਥਾਂ ਲੈਣ ਲਈ ਨਵੇਂ ਡਰਾਇਵਰ ਮਿਲਣੇ ਮੁਸ਼ਕਲ ਹਨ ਖਾਸ ਕਰ ਜਦੋਂ ਬੇਰੁਜ਼ਗਾਰੀ ਦੀ ਦਰ ਬੇਹੱਦ ਘੱਟ ਹੈ। ਬਹੁਤੇ ਲੋਕੀ ਟਰੱਕ ਟਰਾਇਵਿੰਗ ਨੁੰ ਇਕ ਕਿਤੇ ਵਜੋਂ ਨਹੀਂ ਦੇਖਦੇ।
ਨਵੇਂ ਟਰੱਕ ਡਰਾਇਵਰਾਂ ਦੀ ਭਰਤੀ ਦੇ ਮਸਲੇ ਤੇ ਟਰੱਕ ਇੰਡਸਟਰੀ ਹੱਥ ਤੇ ਹੱਥ ਰੱਖ ਕੇ ਵੀ ਨਹੀਂ ਬੈਠੀ। ਟਰੱਕ ਕੰਪਨੀਆਂ ਵੱਧ ਉਜਰਤਾਂ ਅਤੇ ਨਵੇਂ ਟਰੱਕਾਂ ਨਾਲ ਨੌਜਵਾਨਾਂ ਨੂੰ ਟਰੱਕ ਡਰਾਇਵਿੰਗ ਵੱਲ਼ ਖਿਚ ਰਹੀਆਂ ਹਨ। ਕਈ ਹਾਲਤਾਂ ਵਿਚ ਉਜਰਤਾਂ 15% ਤੋਂ 20% ਵੱਧ ਗਈਆਂ ਹਨ ਅਤੇ ਕੈਲੇਫੋਰਨੀਆਂ ਦੀਆ ਕਈ ਕੰਪਨੀਆਂ ਦੇ ਡਰਾਇਵਰ ਸਲਾਨਾ $70,000 ਤੋਂ ਵੀ ਜਿਆਦਾ ਕਮਾ ਰਹੇ ਹਨ ਪਰ ਫਿਰ ਵੀ ਡਰਾਇਵਰਾਂ ਦੀ ਘਾਟ ਬਰਕਰਾਰ ਹੈ। ਟਰੱਕ ਇੰਡਸਟਰੀ ਨੇ ਟਰੱਕਾਂ ਦੀ ਤਕਨੀਕ ਨੂੰ ਨਵਿਆਉਣ ਵੱਲ ਵੀ ਖਾਸ ਧਿਆਨ ਦਿਤਾ ਹੈ। ਪੰਜ ਸਾਲ ਪਹਿਲਾਂ ਤੱਕ ਕੋਈ 80% ਟਰੱਕ ਮੈਨੂਅਲ ਟਰਾਂਸਮਿਸ਼ਨ ਵਾਲੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਬਹੁਤੀਆਂ ਕੰਪਨੀਆ ਨਵੇਂ ਆਟੋਮੈਟਿਕ ਟਰੱਕਾਂ ਵੱਲ ਵੱਧ ਰਹੀਆਂ ਹਨ। ਇਸ ਤਰਾਂ ਨਾਲ ਨੌਜਵਾਨ ਵੀ ਟਰੱਕ ਡਰਾਇਵਿੰਗ ਵੱਲ ਆ ਰਹੇ ਹਨ ਕਿਉਕਿ 50 ਸਾਲ ਤੋਂ ਘੱਟ ਉਮਰ ਦੇ ਬਹੁਤੇ ਲੋਕਾਂ ਨੇ ਕੋਈ ਮੈਨੂਅਲ ਵੈਹੀਕਲ ਨਹੀਂ ਚਲਾਇਆ।
ਇੰਡਸਟਰੀ ਡੀਪਾਰਟਮੈਂਟ ਆਫ ਮੋਟਰ ਵੈਹੀਕਲ ਨਾਲ ਮਿਲ ਕੇ ਟਰੱਕ ਡਰਾਇਵਰ ਬਣਨ ਲਈ ਲੋੜੀਦੀ ਉਮਰ 21 ਸਾਲ ਤੋਂ ਘਟਾ ਕੇ 18 ਜਾਂ 19 ਸਾਲ ਕਰਵਾਉਣ ਦੀ ਕੋਸ਼ਿਸ ਵਿਚ ਹੈ। ਇਸ ਨਾਲ ਹਾਈ ਸਕੂਲ ਤੋਂ ਬਾਅਦ ਵਿਦਿਆਰਥੀਆਂ ਲਈ ਟਰੱਕ ਡਰਾਇਵਿੰਗ ਨੂੰ ਆਪਣੇ ਪਹਿਲੇ ਕਿਤੇ ਵਜੋਂ ਅਪਨਾਉਣ ਦਾ ਰਾਹ ਪੱਧਰਾ ਹੋ ਜਾਵੇਗੇ। ਅੱਜ ਦੇ ਹਾਲਤਾਂ ਵਿਚ ਬਹੁਤੇ ਲੋਕੀ ਦੂਜੇ ਜਾਂ ਤੀਜੇ ਕਿਤੇ ਵਜੋਂ ਟਰੱਕਿੰਗ ਵਿਚ ਆ ਰਹੇ ਹਨ। ਵੱਧ ਔਰਤਾਂ ਨੂੰ ਇਸ ਕਿਤੇ ਵੱਲ ਪਰੇਰਤ ਕਰਨਾ ਵੀ ਸਮੇਂ ਦੀ ਲੋੜ ਹੈ ਅਤੇ ਕੰਪਨੀਆਂ ਨੂੰ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਲਈ ਘਰ ਤੇ ਕੰਮ ਵਿਚ ਤਵਾਜਨ ਬਣਾਉਣ ਵਾਲੀਆਂ ਸਹੂਲਤਾਂ ਪਰਦਾਨ ਕਰਨ ਬਾਰੇ ਸੋਚਣਾ ਚਾਹੀਦਾ ਹੈ। ਇਸ ਵਕਤ ਔਰਤਾਂ ਦੀ ਇਸ ਕਿਤੇ ਵਿਚ ਸ਼ਮੂਲੀਅਤ 8% ਹੈ। ਨਵੇਂ ਆਟੋਮੈਟਕ ਅਤੇ ਵੱਧ ਤਕਨੀਕੀ ਸਹੂਲਤਾਂ ਵਾਲੇ ਟਰੱਕ ਵੀ ਔਰਤਾਂ ਨੂੰ ਇਸ ਕਿਤੇ ਵਲ ਪਰੇਰ ਸਕਦੇ ਹਨ ਪਰ ਔਰਤ ਡਰਾਇਵਰਾਂ ਲਈ ਇਕ ਹੋਰ ਗੰਭੀਰ ਸਮੱਸਿਆ ਹੈ ਸਰੱਖਿਆ। ਜਦੋਂ ਤੱਕ ਔਰਤ ਡਰਾਇਵਰ ਰਾਤ ਨੂੰ ਰੁਕਣ ਵਾਲੇ ਥਾਂ ਤੇ ਸਰੱਖਿਅਤ ਮਹਿਸੂਸ ਨਹੀਂ ਕਰਦੇ ਉਦੋਂ ਤੱਕ ਹੋਰ ਔਰਤਾਂ ਨੂੰ ਇਸ ਕਿਤੇ ਵੱਲ ਪਰੇਰਨਾ ਔਖਾ ਹੋਵੇਗਾ।
ਭਾਵੇਂ ਡਰਾਇਵਰ ਲੈਸ ਟਰੱਕਾਂ ਨੂੰ ਡਰਾਇਵਰਾਂ ਦੀ ਘਾਟ ਦੇ ਹੱਲ ਵਜੋਂ ਪਰਚਾਰਿਆ ਜਾਂਦਾ ਹੈ ਪਰ ਇਹ ਇਕ ਤਰਾਂ ਨਾਲ ਹੋਰ ਲੋਕਾਂ ਨੂੰ ਟਰੱਕ ਡਰਾਇਵਰੀ ਦੇ ਕਿਤੇ ਵੱਲ ਪਰੇਰਤ ਕਰਨ ਵਿਚ ਇਕ ਰੋੜਾ ਵੀ ਹੈ। ਜੇ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕੇ ਆਉਣ ਵਾਲੇ ਸਮੇਂ ਵਿਚ ਡਰਾਇਵਰ ਲੈਸ ਆਟੋਮੈਟਿਕ ਟਰੱਕਾਂ ਨੇ ਤੁਹਾਨੂੰ ਫਿਰ ਬੇਰੁਜ਼ਗਾਰ ਕਰ ਦੇਣਾ ਹੈ ਤਾਂ ਤੁਸੀਂ ਇਸ ਕਿਤੇ ਵਿਚ ਕਿਉ ਆਉਗੇ। ਉਝ ਅਸਲੀਅਤ ਇਹ ਹੈ ਕਿ ਜਦੋਂ ਤੱਕ ਰੋਡ ਸੇਫਟੀ ਅਤੇ ਡਰਾਇਵਿੰਗ ਦੇ ਕਨੂੰਨਾ ਵਿਚ ਕੋਈ ਵੱਡੀ ਤਬਦੀਲੀ ਨਹੀਂ ਆਉਦੀ ਉਦੋਂ ਤੱਕ ਡਰਾਇਵਰ ਲੈਸ ਟਰੱਕਾਂ ਦੀ ਥਾਂ ਤੇ ਡਰਾਇਵਰ ਇਸਿਸਟੱਡ ਟਰੱਕਾਂ ਦੀ ਵੱਧ ਸੰਭਾਵਨਾ ਹੈ।
ਨਵੇਂ ਡਰਾਇਵਰਾਂ ਦੀ ਸਮੱਸਿਆ ਦੇ ਚਲਦਿਆਂ ਹੋਇਆਂ ਵੀ ਸ਼ਿਪਮੈਂਟ ਵਿਚ ਕਮੀ ਨਹੀਂ ਆਈ ਸਗੋਂ ਹਰ ਤਰਾਂ ਦੀਆਂ ਸ਼ਿਪਮੈਟਾਂ ਪਿਛਲੇ ਸਾਲ ਦੇ ਮੁਕਾਬਲੇ ਬਰਾਬਰ ਜਾਂ ਵੱਧ ਹਨ। ਇਸ ਸਮੇਂ ਹਰ ਤਰਾਂ ਦੇ ਲੋਡਾਂ ਵਿਚ ਵਾਧਾ ਹੋ ਰਿਹਾ ਹੈ। ਰੀਫਰੈਜੀਰੇਟਰ ਲੋਡ ਅਤੇ ਵੈਨਾਂ ਦੀ ਮੰਗ ਪਿਛਲੇ ਚਾਰ ਸਾਲਾਂ ਤੋਂ ਵੱਧ ਰਹੀ ਹੈ ਅਤੇ ਫਲੈਟ ਬੈਡ ਲੋਡਾਂ ਵਿਚ ਵੀ ਵਾਧਾ ਹੋ ਰਿਹਾ ਹੈ। ਟਰੰਪ ਪਰਸ਼ਾਸਨ ਵਲੋਂ ਲਗਾਏ ਗਏ ਟਰੇਡ ਟੈਰਿਫ ਨੇ ਵੀ ਬਿਜਨਿਸ ਵਿਚ ਕੋਈ ਖਾਸ ਕਮੀ ਨਹੀਂ ਲਿਆਂਦੀ ਅਤੇ ਹੁਣ ਨਵੇਂ ਯੂ ਐਸ-ਮੈਕਸੀਕੋ-ਕੈਨੇਡਾ ਟਰੇਡ ਸਮਝੌਤੇ ਨਾਲ ਉਤਰੀ ਅਮਰੀਕਾ ਦੀਆਂ ਕੰਪਨੀਆਂ ਦੇ ਕਾਰੋਬਾਰ ਤੇ ਖਤਰੇ ਦੇ ਬਦਲ ਕੁਝ ਘੱਟ ਗਏ ਹਨ।
ਹੋਰ ਇੰਡਸਟਰੀਆਂ ਦੇ ਵਾਂਗ ਹੀ ਟਰੱਕਿੰਗ ਇੰਡਸਟਰੀ ਵੀ ਹਮੇਸ਼ਾ ਬਦਲ ਰਹੀ ਤਕਨੀਕ ਨਾਲ ਇਕਸੁਰ ਹੋਣ ਅਤੇ ਰੋਜ਼ਮਰਾ ਦੇ ਕਾਰੋਬਾਰ ਵਿਚ ਲਾਗੂ ਕਰਨ ਦੀ ਕੋਸ਼ਿਸ ਵਿੱਚ ਹੈ। ਇਸ ਸਾਲ ਮੈਨੂਅਲ ਤੋਂ ਆਟੋਮੈਟਿਕ ਟਰਾਂਸਮਿਸ਼ਨ ਦੀ ਤਬਦੀਲੀ ਦੇ ਨਾਲ ਨਾਲ, ਪੇਪਰ ਲਾਗ ਤੋਂ ਆਟੋਮੈਟਿਕ ਇਲੈਕਟਰੋਨਿਕ ਲਾਗ ਦੀ ਵੱਡੀ ਤਬਦੀਲੀ ਵੀ ਟਰੱਕਿੰਗ ਇੰਡਸਟਰੀ ਨੇ ਝੱਲੀ ਹੈ। ਇਲੈਕਟਰੋਨਿਕ ਲਾਗ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਦਾ ਅਮਲ, ਖਦਸ਼ਿਆਂ ਦੇ ਬਾਵਜੂਦ ਵਧੀਆ ਰਿਹਾ ਹੈ। ਇਸ ਸਮੇਂ ਵੱਡੀ ਸਮੱਸਿਆ ਨਵੇਂ ਬਣੇ ਰੂਲ ਰੈਗੂਲੇਸ਼ਨ ਨੂੰ ਲਾਗੂ ਕਰਵਾਉਣ ਵਿਚ ਹੈ।
ਸਾਲ 2019 ਦੇ ਲਈ ਟਰੱਕਿੰਗ ਨਾਲ ਸਬੰਧਤ ਸਾਰੇ ਲੋਕੀ ਕਾਫੀ ਉਤਸ਼ਾਹਤ ਹਨ ਅਤੇ ਇੰਡਸਟਰੀ ਦੀਆਂ ਵੱਖ ਵੱਖ ਰੋਪੀਰਟਾਂ ਦੇ ਮੁਤਾਬਕ ਟਰੱਕਿੰਗ ਇੰਡਸਟਰੀ ਲਈ ਇਹ ਸਾਲ ਵੱਧੀਆਂ ਹੋਵੇਗਾ। ਸਟਾਕ ਮਾਰਕਿਟ ਦੇ ਥੱਲੇ ਉਪਰ ਜਾਣ ਦੇ ਬਾਵਜੂਦ ਆਮ ਈਕੌਨਮੀ ਲਗਾਤਾਰ ਵੱਧ ਰਹੀ ਹੈ ਅਤੇ ਬਹੁਤੇ ਮਾਹਰ 2020 ਦੇ ਪਹਿਲੇ ਅੱਧ ਤੱਕ ਕਿਸੇ ਤਰਾਂ ਦੇ ਮੰਦੇ ਦੀ ਸੰਭਾਵਨਾ ਨਹੀਂ ਦੱਸ ਰਹੇ। ਇਸ ਸੱਭ ਨੂੰ ਦੇਖਦਿਆਂ ਇਹ ਆਸ ਬੱਝਦੀ ਹੈ ਕਿ 2018 ਦੇ ਵਧੀਆਂ ਸਾਲ ਤੋਂ ਬਾਅਦ 2019 ਦਾ ਇਹ ਨਵਾਂ ਸਾਲ ਵੀ ਤਰੱਕੀਆਂ ਵਾਲਾ ਹੋਵੇਗਾ।

You may also like

Verified by MonsterInsights