ਅਮਰੀਕਾ ਦੇ ਟਰੱਕਿੰਗ ਖੇਤਰ ਵਿੱਚ ਬ੍ਰੋਕਰਾਂ ਦੀ ਪਾਰਦਰਸ਼ਤਾ ਅਤੇ ਧੋਖਾਧੜੀ ਦੇ ਮੁੱਦੇ ਲੰਬੇ ਸਮੇਂ ਤੋਂ ਇੰਡਸਟਰੀ ਲਈ ਇੱਕ ਵੱਡੀ ਚੁਣੌਤੀ ਬਣੇ ਹੋਏ ਹਨ। ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਓਨਰ-ਆਪਰੇਟਰਾਂ (ਮਾਲਕ-ਚਾਲਕਾਂ) ਨੂੰ ਉਨ੍ਹਾਂ ਦੇ ਬਕਾਇਆ ਪੈਸਿਆਂ ਦਾ ਭੁਗਤਾਨ ਨਾ ਕਰਨਾ ਹੈ। ਪਰ ਹੁਣ, ਇੱਕ ਟਰੱਕਰ ਨੇ ਇਸ ਬੇਇਨਸਾਫ਼ੀ ਵਿਰੁੱਧ ਸਿੱਧੀ ਜੰਗ ਛੇੜ ਦਿੱਤੀ ਹੈ।
ਤਿੰਨ ਟਰੱਕਾਂ ਦੇ ਮਾਲਕ, ਗੈਬਰੀਅਲ ਸਕਾਟ ਨੇ ਪਿਛਲੇ ਪੰਜ ਮਹੀਨਿਆਂ ਤੋਂ ‘ਟੋਟਲ ਕੁਆਲਿਟੀ ਲੋਜਿਸਟਿਕਸ’ (TQL) ਤੋਂ ਆਪਣਾ ਭੁਗਤਾਨ ਲੈਣ ਲਈ ਇੰਤਜ਼ਾਰ ਕੀਤਾ। ਜਦੋਂ ਸਬਰ ਦਾ ਬੰਨ੍ਹ ਟੁੱਟ ਗਿਆ, ਤਾਂ ਉਸ ਨੇ ਆਪਣੇ ਰੀਫਰ ਟ੍ਰੇਲਰ (reefer trailer) ਦੇ ਪਾਸੇ ‘ਤੇ ਸਪਰੇਅ ਪੇਂਟ ਨਾਲ “TQL PAY ME MY $8,000” (TQL ਮੇਰੇ 8,000 ਡਾਲਰ ਵਾਪਸ ਕਰੋ) ਲਿਖ ਦਿੱਤਾ ਅਤੇ ਸਿੱਧਾ ਓਹੀਓ ਵਿੱਚ ਕੰਪਨੀ ਦੇ ਮੁੱਖ ਦਫਤਰ ਪਹੁੰਚ ਗਿਆ।
ਕੀ ਹੈ ਪੂਰਾ ਮਾਮਲਾ?
TQL ਇੱਕ ਬਹੁਤ ਵੱਡੀ ਫਰੇਟ ਬ੍ਰੋਕਰੇਜ ਅਤੇ ਥਰਡ-ਪਾਰਟੀ ਲੋਜਿਸਟਿਕਸ (3PL) ਕੰਪਨੀ ਹੈ, ਜੋ ਸਾਮਾਨ ਭੇਜਣ ਵਾਲੀਆਂ ਕੰਪਨੀਆਂ ਅਤੇ ਖਾਲੀ ਟਰੱਕਾਂ ਵਾਲੇ ਕੈਰੀਅਰਾਂ ਵਿਚਕਾਰ ਤਾਲਮੇਲ ਬਣਾਉਂਦੀ ਹੈ। ਹਾਲਾਂਕਿ ਇਹ ਕੰਪਨੀ ਤਕਨਾਲੋਜੀ ਦੇ ਦਮ ‘ਤੇ ਸਪਲਾਈ ਚੇਨ ਵਿੱਚ ਮਦਦ ਕਰਨ ਦਾ ਦਾਅਵਾ ਕਰਦੀ ਹੈ, ਪਰ ਕਈ ਟਰੱਕਿੰਗ ਸਮੂਹਾਂ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ ਹੈ।
ਸਕਾਟ ਦੀਆਂ ਮੁਸ਼ਕਲਾਂ ਪਿਛਲੇ ਸਾਲ ਸ਼ੁਰੂ ਹੋਈਆਂ ਸਨ ਜਦੋਂ ਉਸ ਦੇ ਇੱਕ ਡਰਾਈਵਰ ਨੇ ਠਥਲ਼ ਰਾਹੀਂ ਬੁੱਕ ਕੀਤਾ ਗਿਆ ਸਾਮਾਨ ਗਾਹਕ ਤੱਕ ਪਹੁੰਚਾਇਆ। ਸਭ ਕੁਝ ਠੀਕ ਲੱਗ ਰਿਹਾ ਸੀ, ਪਰ ਬਾਅਦ ਵਿੱਚ ਸਕਾਟ ਦੀ ‘ਫੈਕਟਰਿੰਗ ਕੰਪਨੀ’ ਨੇ ਦੱਸਿਆ ਕਿ ਗਾਹਕ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਸਾਮਾਨ ਨਹੀਂ ਮਿਲਿਆ ਅਤੇ ਸਕਾਟ ਦੇ ਟ੍ਰੇਲਰ ਵਿੱਚ ਇੱਕ ਵੱਡਾ ਸੁਰਾਖ (hole) ਸੀ।
ਸਕਾਟ ਜਾਣਦਾ ਸੀ ਕਿ ਇਹ ਇਲਜ਼ਾਮ ਝੂਠੇ ਹਨ। ਉਸ ਨੇ ਤੁਰੰਤ ਆਪਣੇ ਡਰਾਈਵਰ ਨੂੰ ਟ੍ਰੇਲਰ ਦੀਆਂ ਫੋਟੋਆਂ ਖਿੱਚਣ ਲਈ ਕਿਹਾ ਅਤੇ ਸਾਰੇ ਦਸਤਾਵੇਜ਼ਾਂ ਦੇ ਨਾਲ ਸਬੂਤ ਦਿੱਤਾ ਕਿ ਸਾਮਾਨ ਸਫਲਤਾਪੂਰਵਕ ਅਤੇ ਸਹੀ ਸਲਾਮਤ ਪਹੁੰਚਾਇਆ ਗਿਆ ਸੀ।
TQL ਦੀ ਸਖ਼ਤ ਪਾਲਿਸੀ ਨੇ ਵਧਾਈਆਂ ਮੁਸ਼ਕਲਾਂ
ਸਕਾਟ ਨੇ ਦੱਸਿਆ ਕਿ ਉਸ ਨੂੰ ਇਕੱਲੀ ਉਸ ਡਿਲੀਵਰੀ (ਜੋ ਕਿ 2,000 ਡਾਲਰ ਦੀ ਸੀ) ਦੀ ਚਿੰਤਾ ਨਹੀਂ ਸੀ, ਪਰ TQL ਦੀ ਪਾਲਿਸੀ ਹੈ ਕਿ ਜੇਕਰ ਕੋਈ ਇੱਕ ਕਲੇਮ ਵਿਵਾਦ ਵਿੱਚ ਹੋਵੇ, ਤਾਂ ਕੰਪਨੀ ਉਸ ਕੈਰੀਅਰ ਦੇ ਬਾਕੀ ਸਾਰੇ ਭੁਗਤਾਨ ਵੀ ਰੋਕ ਲੈਂਦੀ ਹੈ। ਇਸ ਕਾਰਨ ਸਕਾਟ ਦੇ ਕੁੱਲ 8,000 ਡਾਲਰ ਫਸੇ ਹੋਏ ਸਨ।
ਮਹੀਨਿਆਂ ਤੱਕ ਚੱਲੀ ਫੋਨ ਕਾਲਾਂ ਦੀ ਲੜੀ ਤੋਂ ਬਾਅਦ ਜਦੋਂ ਕੋਈ ਹੱਲ ਨਾ ਨਿਕਲਿਆ, ਤਾਂ ਸਕਾਟ ਨੇ ‘ਨੈਸ਼ਨਲ ਓਨਰ ਆਪਰੇਟਰਜ਼ ਐਸੋਸੀਏਸ਼ਨ’ ਨਾਲ ਸੰਪਰਕ ਕੀਤਾ। ਇਸ ਜਥੇਬੰਦੀ ਨੇ ਪਹਿਲਾਂ ਹੀ ਠਥਲ਼ ਦਾ ਬਾਈਕਾਟ ਕੀਤਾ ਹੋਇਆ ਸੀ ਕਿਉਂਕਿ ਕਈ ਹੋਰ ਡਰਾਈਵਰਾਂ ਦੇ ਪੈਸੇ ਵੀ ਇਸੇ ਤਰ੍ਹਾਂ ਮਾਰੇ ਗਏ ਸਨ।
ਅਨੋਖਾ ਪ੍ਰਦਰਸ਼ਨ ਅਤੇ ਜਿੱਤ
ਅਕਤੂਬਰ ਦੇ ਅਖੀਰ ਵਿੱਚ, TQL ਦੇ ਇੱਕ ਨੁਮਾਇੰਦੇ ਨੇ ਸਕਾਟ ਨੂੰ ਭਰੋਸਾ ਦਿੱਤਾ ਕਿ ਉਹ ਮਾਮਲਾ ਸੁਲਝਾ ਦੇਣਗੇ, ਪਰ ਅੰਤ ਵਿੱਚ ਸਿਰਫ਼ 6,000 ਡਾਲਰ ਦੇਣ ਦੀ ਗੱਲ ਕਹੀ। ਆਪਣੀ ਮਿਹਨਤ ਦੀ ਪੂਰੀ ਕਮਾਈ ਨਾ ਮਿਲਦੀ ਦੇਖ, ਸਕਾਟ ਨੇ ਆਪਣੇ ਟ੍ਰੇਲਰ ‘ਤੇ ਵਿਰੋਧ ਪ੍ਰਦਰਸ਼ਨ ਦਾ ਸੰਦੇਸ਼ ਲਿਖਿਆ ਅਤੇ ਸਿੱਧਾ ਸਿਨਸਿਨਾਟੀ ਸਥਿਤ ਕੰਪਨੀ ਦੇ ਹੈੱਡਕੁਆਰਟਰ ਜਾ ਧਮਕਿਆ।
ਉੱਥੇ ਪਹੁੰਚਣ ‘ਤੇ TQL ਦੀ ਸੁਰੱਖਿਆ ਟੀਮ ਨੇ ਪੁਲਿਸ ਬੁਲਾ ਲਈ। ਸਕਾਟ ਨੇ ਸਮਝਦਾਰੀ ਦਿਖਾਉਂਦੇ ਹੋਏ ਸਾਰੀ ਘਟਨਾ ਨੂੰ ਫੇਸਬੁੱਕ ‘ਤੇ ਲਾਈਵ ਸਟ੍ਰੀਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਦੁਨੀਆ ਦੇਖ ਸਕੇ ਕਿ ਉਸ ਨਾਲ ਕੀ ਧੱਕਾ ਹੋ ਰਿਹਾ ਹੈ।
ਪੁਲਿਸ ਦੇ ਆਉਣ ‘ਤੇ ਜਦੋਂ ਸਕਾਟ ਆਪਣਾ ਟਰੱਕ ਹਟਾਉਣ ਲੱਗਾ, ਤਾਂ ਕੰਪਨੀ ਦਾ ਰੁਖ ਅਚਾਨਕ ਬਦਲ ਗਿਆ। TQL ਨੇ ਉਸ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਜੇਕਰ ਉਹ ਸੋਸ਼ਲ ਮੀਡੀਆ ਤੋਂ ਇਹ ਵੀਡੀਓਜ਼ ਹਟਾ ਦੇਵੇ, ਤਾਂ ਉਸ ਦੇ ਸਾਰੇ ਪੈਸੇ ਦੇ ਦਿੱਤੇ ਜਾਣਗੇ। ਅੰਤ ਵਿੱਚ, ਸਕਾਟ ਦੇ ਇਸ ਦਲੇਰਾਨਾ ਕਦਮ ਨੇ 8 ਅਰਬ ਡਾਲਰ ਦੀ ਕੰਪਨੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਅਤੇ ਉਸ ਨੂੰ ਆਪਣੇ ਪੂਰੇ 8,000 ਡਾਲਰ ਮਿਲ ਗਏ।