ਅਜਿਹੇ ਸਮੇਂ ਜਦੋਂ ਕੈਲੀਫੋਰਨੀਆ ਰਾਜ ਮਾਲੀ ਸਾਲ 2025-26 ਲਈ 12 ਬਿਲੀਅਨ ਡਾਲਰ ਦੇ ਭਾਰੀ ਬਜਟ ਘਾਟੇ ਦਾ ਸਾਹਮਣਾ ਕਰ ਰਿਹਾ ਹੈ, ‘ਕੈਲੀਫੋਰਨੀਆ ਸਟੇਟ ਆਡਿਟਰ’ ਵੱਲੋਂ ਦਸੰਬਰ ਵਿੱਚ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਪ੍ਰਸ਼ਾਸਨ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਆਡਿਟ ਤੋਂ ਪਤਾ ਲੱਗਦਾ ਹੈ ਕਿ ਰਾਜ ਦੀਆਂ ਕਈ ਅਹਿਮ ਏਜੰਸੀਆਂ, ਜਿਵੇਂ ਕਿ ‘ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼’ (CDSS) ਅਤੇ ਬੁਨਿਆਦੀ ਢਾਂਚੇ ਤੇ ਪਾਣੀ ਦੀ ਸਪਲਾਈ ਵਰਗੇ ਪ੍ਰਣਾਲੀਆਂ ਵਿੱਚ ਅਜਿਹੀਆਂ ਗੰਭੀਰ ਖਾਮੀਆਂ ਹਨ ਜੋ ਰਾਜ ਅਤੇ ਇਸ ਦੇ ਨਿਵਾਸੀਆਂ ਲਈ “ਵੱਡੇ ਨੁਕਸਾਨ ਦਾ ਖਤਰਾ” ਪੈਦਾ ਕਰਦੀਆਂ ਹਨ। ‘ਹਾਈ-ਰਿਸਕ ਰਿਪੋਰਟ ਪ੍ਰੋਗਰਾਮ’ ਨਾਮਕ ਇਸ ਦਸਤਾਵੇਜ਼ ਵਿੱਚ ਡੇਟਾ ਦੀ ਸ਼ੁੱਧਤਾ, ਯੋਗਤਾ ਦੀ ਪੁਸ਼ਟੀ, ਵਿੱਤੀ ਰਿਪੋਰਟਿੰਗ, ਸੂਚਨਾ ਸੁਰੱਖਿਆ, ਅਤੇ ਸੁਧਾਰਾਤਮਕ ਕਾਰਵਾਈਆਂ ਵਿੱਚ ਹੋਣ ਵਾਲੀ ਦੇਰੀ ਵੱਲ ਇਸ਼ਾਰਾ ਕੀਤਾ ਗਿਆ ਹੈ।
ਟਰੱਕਿੰਗ ਖੇਤਰ ‘ਤੇ ਪੈ ਸਕਦਾ ਹੈ ਅਸਰ
ਹਾਲਾਂਕਿ ਰਿਪੋਰਟ ਵਿੱਚ ਸਿੱਧੇ ਤੌਰ ‘ਤੇ ਟਰੱਕਿੰਗ ਖੇਤਰ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੇ ਪ੍ਰਭਾਵ ਕਾਫ਼ੀ ਵਿਆਪਕ ਹੋ ਸਕਦੇ ਹਨ। ਖਾਸ ਕਰਕੇ ਮਾਲ ਦੀ ਢੋਆ-ਢੁਆਈ (freight) ਦੇ ਨਿਯਮਾਂ ਨੂੰ ਲਾਗੂ ਕਰਨ ਅਤੇ ਲਾਇਸੈਂਸ ਪ੍ਰਕਿਰਿਆ ਵਿੱਚ ਦਿੱਕਤਾਂ ਆ ਸਕਦੀਆਂ ਹਨ। ਰਿਪੋਰਟ ਮੁੱਖ ਤੌਰ ‘ਤੇ ਉਨ੍ਹਾਂ ਪ੍ਰਣਾਲੀਗਤ ਮੁੱਦਿਆਂ ‘ਤੇ ਕੇਂਦਰਿਤ ਹੈ ਜਿਨ੍ਹਾਂ ਨੂੰ ਆਡਿਟਰ ਨੇ ਰਾਜ ਦੀ ਭਲਾਈ ਲਈ “ਉੱਚ-ਜੋਖਮ” (High-Rsk) ਵਜੋਂ ਸ਼੍ਰੇਣੀਬੱਧ ਕੀਤਾ ਹੈ।
ਵਿੱਤੀ ਬਰਬਾਦੀ ਅਤੇ ਪ੍ਰਬੰਧਕੀ ਗਲਤੀਆਂ
ਆਡਿਟ ਅਨੁਸਾਰ, ‘ਕੈਲਫ੍ਰੈਸ਼’ (CalFresh) ਭੋਜਨ ਲਾਭਾਂ ਦੀ ਵੰਡ ਵਿੱਚ ਵੱਡੀਆਂ ਗਲਤੀਆਂ ਕਾਰਨ ਸਮਾਜਿਕ ਸੇਵਾਵਾਂ ਵਿਭਾਗ ਨੂੰ ਉੱਚ-ਜੋਖਮ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਹੱਲ ਨਾ ਕੀਤਾ ਗਿਆ, ਤਾਂ 2026 ਤੱਕ ਰਾਜ ਨੂੰ 2.5 ਬਿਲੀਅਨ ਡਾਲਰ ਤੱਕ ਦਾ ਜੁਰਮਾਨਾ ਜਾਂ ਵਾਧੂ ਖਰਚਾ ਪੈ ਸਕਦਾ ਹੈ।
ਬੁਨਿਆਦੀ ਢਾਂਚੇ ਦੇ ਸਬੰਧ ਵਿੱਚ, ਰਿਪੋਰਟ ਵਿੱਚ ਕਈ ਡੈਮਾਂ ਦੀ ਹਾਲਤ “ਮਾੜੀ” ਜਾਂ “ਅਸੰਤੋਸ਼ਜਨਕ” ਦੱਸੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸੁਧਾਰ ਨਾ ਕੀਤੇ ਗਏ, ਤਾਂ ਅਗਲੇ 20 ਸਾਲਾਂ ਵਿੱਚ ਪਾਣੀ ਦੀ ਸਪਲਾਈ ਸਮਰੱਥਾ ਵਿੱਚ 25% ਤੱਕ ਦੀ ਗਿਰਾਵਟ ਆ ਸਕਦੀ ਹੈ।
ਇਸ ਤੋਂ ਇਲਾਵਾ, ‘ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ’ (EDD) ਵੱਲੋਂ ਲਗਭਗ 4.6 ਮਿਲੀਅਨ ਡਾਲਰ ਦੀ ਵਿੱਤੀ ਬਰਬਾਦੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿੱਥੇ 6,200 ਤੋਂ ਵੱਧ ਅਣਵਰਤੇ ਸੈੱਲ ਫੋਨਾਂ ਅਤੇ ਹੌਟਸਪੌਟਸ ਲਈ ਭੁਗਤਾਨ ਕੀਤਾ ਗਿਆ। ਰਿਪੋਰਟ ਇਹ ਵੀ ਸੰਕੇਤ ਦਿੰਦੀ ਹੈ ਕਿ ਰਾਜ ਨੇ 285 ਬਿਲੀਅਨ ਡਾਲਰ ਦੇ ਸੰਘੀ ਕੋਵਿਡ-19 ਫੰਡਾਂ ਦੇ ਪ੍ਰਬੰਧਨ ਅਤੇ ਵੰਡ ਵਿੱਚ ਵੀ ਲਾਪਰਵਾਹੀ ਵਰਤੀ ਹੈ।
ਗਵਰਨਰ ਦਫ਼ਤਰ ਦਾ ਪ੍ਰਤੀਕਰਮ
ਗਵਰਨਰ ਗੇਵਿਨ ਨਿਊਜ਼ਮ ਦੇ ਦਫ਼ਤਰ ਨੇ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦਿਆਂ ਮੌਜੂਦਾ ਪ੍ਰਸ਼ਾਸਨ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਮਹਾਂਮਾਰੀ ਅਤੇ ਸ਼ੇਅਰ ਬਾਜ਼ਾਰ ਦੀ ਅਸਥਿਰਤਾ ਕਾਰਨ “ਬੇਮਿਸਾਲ ਉਥਲ-ਪੁਥਲ” ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਾਲ ਹੀ ਵਿੱਚ ਪੇਸ਼ ਕੀਤਾ ਗਿਆ ਬਜਟ ਇਸ ਘਾਟੇ ਨੂੰ ਸੰਤੁਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਸੁਰੱਖਿਆ ਅਤੇ ਜਾਂਚ ਪ੍ਰਣਾਲੀ ਵਿੱਚ ਚੁਣੌਤੀਆਂ
ਬਜਟ ਵਿੱਚ ਕਟੌਤੀ ਦਾ ਸਿੱਧਾ ਅਸਰ ‘ਮੋਟਰ ਕੈਰੀਅਰ ਸੇਫਟੀ ਅਸਿਸਟੈਂਸ ਪ੍ਰੋਗਰਾਮ’ (MCSAP) ‘ਤੇ ਪੈ ਸਕਦਾ ਹੈ, ਜੋ ਵਪਾਰਕ ਵਾਹਨਾਂ ਦੀ ਜਾਂਚ ਲਈ ਫੰਡ ਮੁਹੱਈਆ ਕਰਵਾਉਂਦਾ ਹੈ। ਜੇਕਰ MCSAP ਫੰਡਾਂ ਵਿੱਚ ਦੇਰੀ ਹੁੰਦੀ ਹੈ, ਤਾਂ ਕੈਲੀਫੋਰਨੀਆ ਹਾਈਵੇਅ ਪੈਟਰੋਲ (CHP) ਦੇ ਅਫਸਰਾਂ ਵੱਲੋਂ ਕੀਤੀ ਜਾਣ ਵਾਲੀ ਜਾਂਚ ਅਤੇ ਸੜਕਾਂ ‘ਤੇ ਨਿਗਰਾਨੀ ਘਟ ਸਕਦੀ ਹੈ। ਇਸ ਨਾਲ ਨਿਯਮਾਂ ਦੀ ਪਾਲਣਾ ਵਿੱਚ ਅਨਿਸ਼ਚਿਤਤਾ ਵਧੇਗੀ ਅਤੇ ਟਰੱਕਿੰਗ ਕੰਪਨੀਆਂ ਨੂੰ ਬੀਮਾ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਤ ਵਿੱਚ, ਸਾਈਬਰ ਸੁਰੱਖਿਆ ਦੇ ਮਾਮਲੇ ਵਿੱਚ ਵੀ ਰਾਜ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਏਜੰਸੀਆਂ ਦਾ ਔਸਤ ਸਾਈਬਰ ਸੁਰੱਖਿਆ ਸਕੋਰ 4 ਵਿੱਚੋਂ ਸਿਰਫ਼ 1.6 ਰਿਹਾ ਹੈ, ਜੋ ਕਿ ਰਾਜ ਦੇ ਆਪਣੇ ਘੱਟੋ-ਘੱਟ ਮਿਆਰਾਂ ਤੋਂ ਬਹੁਤ ਹੇਠਾਂ ਹੈ। ਇਹ ਕਮੀਆਂ ਅਜਿਹੇ ਸਮੇਂ ਵਿੱਚ ਹੋਰ ਵੀ ਖਤਰਨਾਕ ਹਨ ਜਦੋਂ ਕਾਰਗੋ ਚੋਰੀ ਅਤੇ ਬਰੋਕਰ ਧੋਖਾਧੜੀ ਦੀਆਂ ਘਟਨਾਵਾਂ ਸਿਖਰਾਂ ‘ਤੇ ਹਨ।